ਖੰਡਨ ਦੇ ਬਾਵਜੂਦ ਇਮਰਾਨ ਦੀ ਮੌਤ ਨੂੰ ਲੈ ਕੇ ਭੰਬਲਭੂਸਾ

0
16

ਨਵੀਂ ਦਿੱਲੀ : ਪਾਕਿਸਤਾਨੀ ਨਿਊਜ਼ ਪੋਰਟਲ ‘ਜੀਓ’ ਨੇ ਰਾਵਲਪਿੰਡੀ ਜੇਲ੍ਹ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਦਿਆਲਾ ਜੇਲ੍ਹ ਤੋਂ ਉਨ੍ਹਾਂ ਦੇ ਤਬਾਦਲੇ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ। ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਉਨ੍ਹਾ ਨੂੰ ਪੂਰਾ ਮੈਡੀਕਲ ਇਲਾਜ ਮਿਲ ਰਿਹਾ ਹੈ।
ਵੀਰਵਾਰ ਸਵੇਰੇ ‘ਐੱਕਸ’ (ਪਹਿਲਾਂ ਟਵਿੱਟਰ) ’ਤੇ ਜਾਰੀ ਇੱਕ ਬਿਆਨ ਵਿੱਚ ਉਹਨਾ ਦੀ ਪਾਰਟੀ ਪੀ ਟੀ ਆਈ ਨੇ ਕਿਹਾ ਕਿ ਇਮਰਾਨ ਦੀ ਸਿਹਤ ਬਾਰੇ ਅਫਗਾਨ, ਭਾਰਤੀ ਮੀਡੀਆ ਅਤੇ ਵਿਦੇਸ਼ੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਾਰਟੀ ਨੇ ਮੰਗ ਕੀਤੀ ਕਿ ਮੌਜੂਦਾ ਸਰਕਾਰ ਅਤੇ ਗ੍ਰਹਿ ਮੰਤਰਾਲਾ ਤੁਰੰਤ ਸਾਫ਼ ਤੌਰ ’ਤੇ ਅਫਵਾਹ ਨੂੰ ਖਾਰਜ ਕਰੇ ਅਤੇ ਇਮਰਾਨ ਅਤੇ ਉਨ੍ਹਾ ਦੇ ਪਰਵਾਰ ਵਿੱਚ ਤੁਰੰਤ ਇੱਕ ਮੀਟਿੰਗ ਦਾ ਪ੍ਰਬੰਧ ਕਰੇ। ਪਾਰਟੀ ਨੇ ਮੰਗ ਕੀਤੀ ਕਿ ਇਮਰਾਨ ਦੀ ਸਿਹਤ, ਸੁਰੱਖਿਆ ਅਤੇ ਮੌਜੂਦਾ ਸਥਿਤੀ ਬਾਰੇ ਰਾਜ ਵੱਲੋਂ ਇੱਕ ਰਸਮੀ ਅਤੇ ਪਾਰਦਰਸ਼ੀ ਬਿਆਨ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਪਿਛਲੇ ਹਫ਼ਤੇ ਅਦਿਆਲਾ ਜੇਲ੍ਹ ਦੇ ਬਾਹਰ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੇ ਉਨ੍ਹਾਂ ਅਤੇ ਇਮਰਾਨ ਖ਼ਾਨ ਦੇ ਸਮਰਥਕਾਂ ’ਤੇ ਹੋਏ ਪੁਲਸ ਹਮਲੇ ਦੀ ਬਿਨਾਂ ਕਿਸੇ ਭੇਦਭਾਵ ਦੇ ਜਾਂਚ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਅਦਿਆਲਾ ਜੇਲ੍ਹ ਵਿੱਚ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਅਜੀਬ ਦਾਅਵੇ ਸੋਸ਼ਲ ਮੀਡੀਆ ’ਤੇ ਆ ਰਹੇ ਸਨ, ਜਿਨ੍ਹਾਂ ਦਾ ਜੇਲ੍ਹ ਪ੍ਰਸ਼ਾਸਨ ਨੇ ਖੰਡਨ ਕੀਤਾ ਹੈ ।
ਕੁਝ ਸੋਸ਼ਲ ਮੀਡੀਆ ਹੈਂਡਲਾਂ ਨੇ ਬਿਨਾਂ ਪੁਸ਼ਟੀ ਕੀਤੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਨੂੰ ਆਸਿਮ ਮੁਨੀਰ ਅਤੇ ਉਨ੍ਹਾ ਦੇ ਆਈ ਐੱਸ ਆਈ ਪ੍ਰਸ਼ਾਸਨ ਨੇ ਮਾਰ ਦਿੱਤਾ ਹੈ। ਇਮਰਾਨ ਖ਼ਾਨ ਦੀਆਂ ਭੈਣਾਂ ਨੋਰੀਨ , ਅਲੀਮਾ ਖ਼ਾਨ ਅਤੇ ਡਾ. ਉਜ਼ਮਾ ਖ਼ਾਨ, ਇੱਕ ਮਹੀਨੇ ਤੱਕ ਖ਼ਾਨ ਨੂੰ ਮਿਲਣ ਤੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਮਰਥਕਾਂ ਨਾਲ ਅਦਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਈ ਬੈਠੀਆਂ ਹਨ। ਇਮਰਾਨ ਦੀ ਮੌਤ ਦੀਆਂ ਅਫਵਾਹਾਂ ਉਦੋਂ ਸਾਹਮਣੇ ਆਈਆਂ ਅਤੇ ਜੰਗਲ ਵਿੱਚ ਅੱਗ ਵਾਂਗ ਫੈਲ ਗਈਆਂ, ਜਦੋਂ ‘ਅਫਗਾਨਿਸਤਾਨ ਟਾਈਮਜ਼’ ਨਾਂਅ ਦੇ ਇੱਕ ਹੈਂਡਲ ਨੇ ਦਾਅਵਾ ਕੀਤਾ ਕਿ ਭਰੋਸੇਯੋਗ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਅਦਿਆਲਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਹਨਾਂ ਦਾਅਵਿਆਂ ਦੀ ਪੁਸ਼ਟੀ ਕਿਸੇ ਭਰੋਸੇਯੋਗ ਏਜੰਸੀ ਜਾਂ ਵਿਭਾਗ ਨੇ ਨਹੀਂ ਕੀਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁੱਖ ਨੇਤਾ ਇਮਰਾਨ ਖ਼ਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ। ਸਰਕਾਰ ਨੇ ਪਿਛਲੇ ਇੱਕ ਮਹੀਨੇ ਦੇ ਜ਼ਿਆਦਾ ਸਮੇਂ ਤੋਂ ਕਿਸੇ ਨੂੰ ਵੀ ਉਨ੍ਹਾ ਨਾਲ ਮਿਲਣ ’ਤੇ ਪਾਬੰਦੀ ਲਗਾ ਦਿੱਤੀ ਹੈ। ਖੈਬਰ-ਪਖਤੂਨਖਵਾ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲਣ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾ ਨੂੰ ਨਹੀਂ ਮਿਲ ਸਕੇ।