ਹਾਂਗਕਾਂਗ : ਹਾਂਗਕਾਂਗ ਉੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 55 ਹੋ ਗਈ, ਜਦੋਂ ਕਿ 279 ਹੋਰ ਲਾਪਤਾ ਦੱਸੇ ਜਾਂਦੇ ਹਨ। ਪੁਲਸ ਨੇ ਗੈਰ ਇਰਾਦਤਨ ਹੱਤਿਆ ਦੇ ਸ਼ੱਕ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪਿਛਲੇ ਸਾਲਾਂ ਦੌਰਾਨ ਸ਼ਹਿਰ ਵਿਚ ਲੱਗੀ ਇਹ ਸਭ ਤੋਂ ਭਿਆਨਕ ਅੱਗ ਹੈ। ਮਿ੍ਰਤਕਾਂ ਵਿਚ ਅੱਗ ਬੁਝਾਊ ਦਸਤੇ ਦਾ ਇਕ ਮੈਂਬਰ ਵੀ ਸ਼ਾਮਲ ਹੈ। ਬੁੱਧਵਾਰ ਦੁਪਹਿਰ ਨੂੰ ਲੱਗੀ ਅੱਗ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟਿ੍ਰਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਠ ਤੋਂ ਸੱਤ ਉੱਚੀਆਂ ਅਪਾਰਟਮੈਂਟ ਇਮਾਰਤਾਂ ਵਿਚ ਫੈਲ ਗਈ, ਜਿਸ ਮਗਰੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘੱਟੋ-ਘੱਟ 29 ਵਿਅਕਤੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਇਕ ਇਮਾਰਤ, 32 ਮੰਜ਼ਲਾ ਟਾਵਰ ਦੀ ਬਾਹਰੀ ਮਚਾਨ ’ਤੇ ਲੱਗੀ ਤੇ ਮਗਰੋਂ ਤੇਜ਼ ਹਵਾ ਕਰਕੇ ਇਮਾਰਤ ਦੇ ਅੰਦਰ ਤੇ ਫਿਰ ਨੇੜਲੀਆਂ ਇਮਾਰਤਾਂ ਵਿਚ ਫੈਲ ਗਈ।
ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਗ ਬੁਝਾਉਣ ਮੌਕੇ ਮਾਰੇ ਗਏ ਅਮਲੇ ਦੇ ਇਕ ਮੈਂਬਰ ਲਈ ਦੁੱਖ ਜਤਾਇਆ ਤੇ ਪੀੜਤ ਪਰਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਕਰਕੇ ਘਰੋਂ ਬੇਘਰ ਹੋਏ ਲੋਕਾਂ ਲਈ ਆਰਜ਼ੀ ਰੈਣ-ਬਸੇਰੇ ਖੋਲ੍ਹ ਦਿੱਤੇ ਗਏ ਹਨ।

