ਚੰਡੀਗੜ੍ਹ : ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਨੇ ਉੱਤਰੀ ਭਾਰਤ ਵਿੱਚ ਪੀਕ ਪਾਵਰ ਉਪਲੱਬਧਤਾ ਨੂੰ ਮਜ਼ਬੂਤ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਭਾਖੜਾ ਡੈਮ ਹੈੱਡ ਨੇੜੇ 1,500 ਮੈਗਾਵਾਟ ਦਾ ਇੱਕ ਪੰਪਡ ਸਟੋਰੇਜ ਪਾਵਰ ਪ੍ਰੋਜੈਕਟ ਪ੍ਰਸਤਾਵਤ ਕੀਤਾ ਹੈ। ਇਸ ਦੀ ਉਤਪਾਦਨ ਸਮਰੱਥਾ ਖੁਦ ਭਾਖੜਾ ਡੈਮ ਦੀ ਮੌਜੂਦਾ ਸਮਰੱਥਾ (ਜੋ ਲਗਭਗ 1,379 ਮੈਗਾਵਾਟ ਹੈ) ਤੋਂ ਵੱਧ ਹੋਵੇਗੀ। ਸੂਤਰਾਂ ਮੁਤਾਬਕ ਬੀ ਬੀ ਐੱਮ ਬੀ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਡੋਬਰ ਪਿੰਡ ਦੀ ਪਛਾਣ ਕੀਤੀ ਹੈ। ਇੰਜੀਨੀਅਰਾਂ ਨੇ ਖੇਤਰ ਵਿੱਚ ਇੱਕ ਤੰਗ ਘਾਟੀ ਦੀ ਨਿਸ਼ਾਨਦੇਹੀ ਕੀਤੀ ਹੈ, ਜਿੱਥੇ 2 ਕਰੋੜ ਕਿਊਬਿਕ ਮੀਟਰ ਦਾ ਇੱਕ ਜਲ ਭੰਡਾਰ ਬਣਾਇਆ ਜਾ ਸਕਦਾ ਹੈ। ਇਹ ਪ੍ਰੋਜੈਕਟ ਅਡਵਾਂਸਡ ਰਿਵਰਸੀਬਲ-ਟਰਬਾਈਨ ਤਕਨਾਲੋਜੀ ’ਤੇ ਨਿਰਭਰ ਕਰਦਾ ਹੈ। ਉਹ ਟਰਬਾਈਨਾਂ, ਜੋ ਪਾਣੀ ਨੂੰ ਪੰਪ ਵੀ ਕਰ ਸਕਦੀਆਂ ਹਨ ਅਤੇ ਬਿਜਲੀ ਵੀ ਪੈਦਾ ਕਰ ਸਕਦੀਆਂ ਹਨ। ਪ੍ਰਸਤਾਵਤ ਯੋਜਨਾ ਦੇ ਤਹਿਤ, ਪੀਕ ਸਮੇਂ ਦੌਰਾਨ ਬਿਜਲੀ ਪੈਦਾ ਕਰਨ ਲਈ, ਭਾਖੜਾ ਡੈਮ ਦੀ ਮੌਜੂਦਾ ਗੋਬਿੰਦ ਸਾਗਰ ਝੀਲ ਤੋਂ ਪਾਣੀ ਨੂੰ ਨਵੇਂ ਬਣਾਏ ਗਏ ਡੋਬਰ ਜਲ ਭੰਡਾਰ ਵਿੱਚ ਪੰਪ ਕੀਤਾ ਜਾਵੇਗਾ। ਪੀਕ ਮੰਗ ਦੇ ਸਮੇਂ, ਉਹੀ ਪਾਣੀ ਗੋਬਿੰਦ ਸਾਗਰ ਝੀਲ ਵਿੱਚ ਵਾਪਸ ਛੱਡਿਆ ਜਾਵੇਗਾ, ਜਿਸ ਨਾਲ ਦੁਬਾਰਾ ਬਿਜਲੀ ਪੈਦਾ ਹੋਵੇਗੀ। ਇਹ ਦੋਹਰੇ-ਉਦੇਸ਼ ਵਾਲਾ ਸਿਸਟਮ ਪੀਕ ਮੰਗ ਦੇ ਸਮੇਂ ਊਰਜਾ ਸਪਲਾਈ ਨੂੰ ਸੰਤੁਲਤ ਕਰਨ ਲਈ ਇੱਕ ਕੁਸ਼ਲ ਹੱਲ ਬਣ ਜਾਂਦਾ ਹੈ।
ਬੀ ਬੀ ਐੱਮ ਬੀ ਦੇ ਅਧਿਕਾਰੀਆਂ ਮੁਤਾਬਕ ਕਿ ਇਹ ਤਕਨਾਲੋਜੀ, ਭਾਵੇਂ ਉੱਤਰੀ ਭਾਰਤ ਲਈ ਨਵੀਂ ਹੈ, ਪਰ ਦੇਸ਼ ਲਈ ਪੂਰੀ ਤਰ੍ਹਾਂ ਅਣਜਾਣ ਨਹੀਂ ਹੈ। ਇਸੇ ਤਰ੍ਹਾਂ ਦਾ ਇੱਕ ਪੰਪਡ-ਸਟੋਰੇਜ ਮਾਡਲ ਪੱਛਮੀ ਬੰਗਾਲ ਦੇ ਪੁਰੂਲੀਆ ਡੈਮ ਵਿਖੇ ਕਾਰਜਸ਼ੀਲ ਹੈ। ਸੂਬਿਆਂ ਵਿੱਚ ਸੂਰਜੀ ਊਰਜਾ ’ਤੇ ਵਧਦੀ ਨਿਰਭਰਤਾ ਦੇ ਨਾਲ, ਉੱਤਰੀ ਗਰਿੱਡ ਨੂੰ ਸਵੇਰ ਅਤੇ ਸ਼ਾਮ ਦੀ ਪੀਕ ਮੰਗ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸਤਾਵਤ 1500 ਮੈਗਾਵਾਟ ਪ੍ਰੋਜੈਕਟ ਤੋਂ ਉਮੀਦ ਹੈ ਕਿ ਇਹ ਸਵੇਰ ਅਤੇ ਸ਼ਾਮ ਦੇ ਪੀਕ ਸਮੇਂ ਦੌਰਾਨ ਲਗਭਗ ਪੰਜ ਘੰਟੇ ਕੰਮ ਕਰਕੇ ਇਸ ਕਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰੇਗਾ।
ਬੀ ਬੀ ਐੱਮ ਬੀ ਦੇ ਪੂਰੇ ਬੋਰਡ ਨੇ 2024 ਵਿੱਚ ਇਸ ਸੰਕਲਪ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਦੋਂ ਤੋਂ ਸੰਸਥਾ ਨੇ ਵਿਸਤ੍ਰਤ ਪ੍ਰੋਜੈਕਟ ਰਿਪੋਰਟ (ਡੀ ਪੀ ਆਰ) ਤਿਆਰ ਕਰਨ ਲਈ ਸਲਾਹਕਾਰਾਂ ਦੀ ਚੋਣ ਲਈ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਪੂਰੀ ਕਰ ਲਈ ਹੈ। ਇੱਕ ਵਾਰ ਜਦੋਂ ਡੀ ਪੀ ਆਰ ਨੂੰ ਅੰਤਮ ਰੂਪ ਦੇ ਦਿੱਤਾ ਜਾਂਦਾ ਹੈ, ਤਾਂ ਪ੍ਰੋਜੈਕਟ ਨੂੰ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਤੋਂ ਲਾਜ਼ਮੀ ਵਾਤਾਵਰਣ ਪ੍ਰਵਾਨਗੀਆਂ ਦੀ ਲੋੜ ਹੋਵੇਗੀ।





