ਮਾਰਕਸੀ ਵਿਚਾਰਧਾਰਾ ਇਨਕਲਾਬੀ ਸਮਾਜਕ ਤਬਦੀਲੀ ਲਈ ਅੱਜ ਵੀ ਪ੍ਰਸੰਗਕ : ਬੂਟਾ ਸਿੰਘ ਮਹਿਮੂਦਪੁਰ

0
13

ਜਲੰਧਰ (ਕੇਸਰ) ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਅਜੋਕੇ ਸਮੇਂ ‘ਚ ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ ਨੇ ਨਿਚੋੜ ਕੱਢਿਆ ਕਿ ਪੂੰਜੀਵਾਦ ਦੇ ਸਿਖ਼ਰਲੇ ਪੜਾਅ ਸਾਮਰਾਜਵਾਦ ਨੇ ਪੂਰੀ ਤਰ੍ਹਾਂ ਨਿਸੰਗ ਹੋ ਕੇ ਦੁਨੀਆ ਨੂੰ ਆਪਣਾ ਲੋਟੂ, ਜੰਗਬਾਜ਼ ਅਤੇ ਫਾਸ਼ੀ ਚਿਹਰਾ ਉਘਾੜ ਕੇ ਦਿਖਾ ਦਿੱਤਾ ਹੈ, ਜਿਸ ਖ਼ਿਲਾਫ਼ ਲੋਕ ਵਿਰੋਧ ਵੀ ਸੰਸਾਰ ਮੰਚ ‘ਤੇ ਸਾਹਮਣੇ ਆ ਰਿਹਾ ਹੈ।
ਇਸ ਵਿਚਾਰ-ਚਰਚਾ ਦੇ ਸ਼ੁਰੂਆਤੀ ਸ਼ਬਦ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਮਾਜ ਨੂੰ ਚਿੰਬੜੇ ਚੌਤਰਫ਼ਾ ਰੋਗਾਂ ਦਾ ਇਲਾਜ ਮਾਰਕਸਵਾਦੀ ਵਿਗਿਆਨ ਪਾਸ ਹੀ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਪਰ ਇਹ ਇਲਾਜ ਕੋਈ ਸੁਭਾਵਕ ਵਰਤਾਰਾ ਨਹੀਂ, ਇਸ ਲਈ ਸਮਾਜ ਦੀਆਂ ਤਬਦੀਲੀ-ਪਸੰਦ ਸ਼ਕਤੀਆਂ ਨੂੰ ਆਪਣੀ ਚੇਤਨ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਜਨਰਲ ਸਕੱਤਰ ਨੇ ਜ਼ੋਰ ਦਿੱਤਾ ਕਿ ਵਿਚਾਰ-ਚਰਚਾਵਾਂ ਦੇ ਅਜਿਹੇ ਸਿਲਸਿਲੇ ਨੂੰ ਨਿਰੰਤਰ ਜਾਰੀ ਰੱਖਣਾ ਸਮੇਂ ਦੀ ਤਿੱਖੀ ਮੰਗ ਹੈ।
‘ਅਜੋਕੇ ਸਮੇਂ ‘ਚ ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ਉਪਰ ਆਪਣੇ ਭਾਸ਼ਣ ਨੂੰ ਕੇਂਦਰਤ ਕਰਦਿਆਂ ਲੇਖਕ, ਅਨੁਵਾਦਕ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਜਾਣੇ-ਪਹਿਚਾਣੇ ਝੰਡਾਬਰਦਾਰ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਕਾਰਲ ਮਾਰਕਸ ਦਾ ਜਨਮ ਦਿਹਾੜਾ ਮਜ਼ਦੂਰ ਜਮਾਤ ਦੀ ਪੁੱਗਤ ਵਾਲੇ ਨਵੇਂ ਸਮਾਜ ਦੀ ਸਿਰਜਣਾ ਦਾ ਜਨਮ ਦਿਹਾੜਾ ਹੈ। ਕਾਰਨ ਮਾਰਕਸ ਨੇ ਇਹ ਨੁਕਤਾ ਉਭਾਰ ਕੇ ਸਾਹਮਣੇ ਲਿਆਂਦਾ ਕਿ ਪੂੰਜੀਵਾਦ ਆਪਣੇ ਵਜੂਦ ਦੇ ਅੰਦਰ ਸਮੋਈ ਵਿਰੋਧਤਾਈ ਕਾਰਨ ਇਹ ਨਿਰੰਤਰ ਸੰਕਟ ਵਿੱਚ ਘਿਰਿਆ ਹੈ। ਭਾਵੇਂ ਇਹ ਢੋਲ ਇਉਂ ਪਿੱਟਦਾ ਹੈ ਕਿ ਸਰਮਾਏਦਾਰੀ ਪ੍ਰਬੰਧ ਸਦੀਵੀ ਹੈ, ਪਰ ਹਕੀਕਤ ਇਹ ਹੈ ਕਿ ਇਸ ਦੇ ਧੁਰ ਅੰਦਰ ਹੀ ਇਸ ਦੀ ਆਪਣੀ ਕਬਰ ਖੋਦੇ ਜਾਣ ਦੇ ਲੱਛਣ ਸਮੋਏ ਹਨ।
ਬੂਟਾ ਸਿੰਘ ਮਹਿਮੂਦਪੁਰ ਨੇ ਇਤਿਹਾਸਕ ਤੱਥਾਂ ਅਤੇ ਅਜੋਕੇ ਸਮੇਂ ਦੀਆਂ ਚਿੱਟੇ ਦਿਨ ਵਰਗੀਆਂ ਹਕੀਕਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨਕਲਾਬੀ ਸਮਾਜਕ ਤਬਦੀਲੀ ਲਈ ਮਾਰਕਸੀ ਫ਼ਲਸਫ਼ਾ ਅੱਜ ਵੀ ਸਰਵੋਤਮ ਰਾਜਨੀਤਕ ਧਾਰਾ ਹੈ।
ਮਹਿਮੂਦਪੁਰ ਨੇ ਆਪਣੇ ਭਾਸ਼ਣ ਵਿੱਚ ਇਹ ਪੱਖ ਉੱਭਰਵੇਂ ਰੂਪ ਵਿੱਚ ਪੇਸ਼ ਕੀਤਾ ਕਿ ਉਪਰੋਂ ਪੱਕੇ ਪੈਰੀਂ ਹੋਣ ਦੀਆਂ ਬੜ੍ਹਕਾਂ ਮਾਰਦਾ ਅਜੋਕਾ ਲੋਕ-ਦੋਖੀ ਪ੍ਰਬੰਧ ਮਾਰਕਸੀ ਚਿੰਤਨ ਦੀਆਂ ਨਜ਼ਰਾਂ ‘ਚ ਅੰਦਰੋਂ ਖੋਖਲਾ ਹੈ। ਉਹ ਆਪਣੀ ਹੋਂਦ ਲਈ ਜੰਗਾਂ, ਫਾਸ਼ੀ ਹੱਲਿਆਂ ਦਾ ਸਹਾਰਾ ਲੈ ਕੇ ਅੱਕੀਂ-ਪਲਾਹੀਂ ਹੱਥ ਮਾਰਦਾ ਹੈ, ਇਸ ਦੇ ਨਤੀਜੇ ਵਜੋਂ ਉਹ ਹੋਰ ਵੀ ਡੂੰਘੇ ਸੰਕਟਾਂ ਵਿੱਚ ਘਿਰਦਾ ਜਾ ਰਿਹਾ ਹੈ। ਅਖ਼ੀਰ ‘ਚ ਬੂਟਾ ਸਿੰਘ ਨੇ ਕਿਹਾ ਕਿ ਅਨੇਕਾਂ ਸਮੱਸਿਆਵਾਂ ਵਿੱਚ ਘਿਰੇ ਸੰਸਾਰ ਪ੍ਰਬੰਧ ਲਈ ਮੁਕਤੀ, ਖੁਸ਼ਹਾਲੀ, ਤਰੱਕੀ, ਬਰਾਬਰੀ ਅਤੇ ਅਮਨ ਦਾ ਮਾਰਗ ਦਰਸਾਵਾ ਮਾਰਕਸਵਾਦੀ ਵਿਗਿਆਨਕ ਵਿਚਾਰਧਾਰਾ ਹੀ ਹੈ।
ਇਸ ਮੌਕੇ ਮਾਸਟਰ ਮਦਨ ਲਾਲ ਬੁੱਲੋਵਾਲ, ਡਾ. ਜਗਜੀਤ ਸਿੰਘ ਚੀਮਾ, ਮੰਗਤ ਰਾਮ ਪਾਸਲਾ, ਡਾ. ਸੈਲੇਸ਼, ਅਮੀਸ਼ ਬਾਗ਼ਪੁਰ, ਅਮਰੀਕ ਸਿੰਘ ਆਰ ਸੀ ਐੱਫ., ਕੇਸਰ, ਰਾਮੇਸ਼ ਚੋਹਕਾ ਅਤੇ ਪ੍ਰੋ. ਕੇਵਲ ਕਲੋਟੀ ਨੇ ਵੀ ਆਪਣੇ ਵਿਚਾਰ ਰੱਖੇ।
ਵਿਚਾਰ-ਚਰਚਾ ਨੇ ਬਹੁਤ ਹੀ ਨਿਤਰਵੇਂ ਰੂਪ ‘ਚ ਕਿਹਾ ਕਿ ਪੂੰਜੀਵਾਦ, ਨਵ ਉਦਾਰਵਾਦ ਵਰਗੀਆਂ ਸਭੇ ਘੜੀਆਂ ਯੁਗਤਾਂ ਘੱਟੇ ਰੁਲ ਰਹੀਆਂ ਹਨ। ਪੂੰਜੀਵਾਦੀ ਪ੍ਰਬੰਧ ਸਥਾਈ ਤੌਰ ‘ਤੇ ਨਹੀਂ ਰਹਿ ਸਕਦਾ। ਇਸ ਦਾ ਜਕੜ ਪੰਜਾ ਤੋੜਨ ਲਈ ਚੇਤਨ ਜਮਾਤੀ ਜਾਗਰਤੀ ਅਤੇ ਨਵੇਂ ਸਿਰਿਓਂ ਇਨਕਲਾਬੀ ਲਹਿਰ ਦੀ ਉਸਾਰੀ ਅਤੇ ਨਿਜ਼ਾਮ ਸਿਰਜਣ ਲਈ ਬੇਕਿਰਕ ਜਮਾਤੀ ਘੋਲ਼ ਲਾਜ਼ਮੀ ਹੈ।
ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਦੇ ਗੰਭੀਰ ਅਤੇ ਚਿੰਤਾਜਨਕ ਹਾਲਾਤ ਅੰਦਰ ਇਹ ਮਾਣ ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਿੱਸੇ ਆਉਂਦਾ ਹੈ ਜਿਹੜੀ ਮੂੰਹ ਜ਼ੋਰ ਹਨੇਰੇ ਦੀ ਪਰਵਾਹ ਨਾ ਕਰਦਿਆਂ ਧਰਤੀ ‘ਤੇ ਰੰਗਲੀ ਸਵੇਰ ਲਿਆਉਣ ਲਈ ਸਮੇਂ-ਸਮੇਂ ਅਜੋਕੇ ਸਮੇਂ ਮਾਰਕਸਵਾਦ ਦੀ ਪ੍ਰਸੰਗਕਤਾ ਵਰਗੇ ਢੁਕਵੇਂ ਮੁੱਦਿਆਂ ਨੂੰ ਮੁਖ਼ਾਤਬ ਹੋ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਬਹੁਤ ਹੀ ਅਰਥ ਭਰਪੂਰ ਸਮਾਗਮ ਇਹ ਆਸ ਬੰਨਾਉਂਦਾ ਹੈ ਕਿ ਭਵਿੱਖ਼ ਵਿੱਚ ਅਜੇਹੀ ਵਿਚਾਰ-ਚਰਚਾ ਦਾ ਸਿਲਸਿਲਾ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ।
ਵਿਚਾਰ-ਚਰਚਾ ਸਮਾਗਮ ਦਾ ਮੰਚ ਸੰਚਾਲਨ ਕਮੇਟੀ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।