ਸਰਕਾਰ ਦਾ ਯੂ-ਟਰਨ, ਸੰਚਾਰ ਸਾਥੀ ਐਪ ਡਿਲੀਟ ਕਰਨ ਜਾਂ ਰੱਖਣ ਦੀ ਖੁੱਲ੍ਹ : ਸਿੰਧੀਆ

0
61

ਨਵੀਂ ਦਿੱਲੀ : ਲੋਕਾਂ ਦੀ ਜ਼ਬਰਦਸਤ ਵਿਰੋਧਤਾ ਤੋਂ ਬਾਅਦ ਕੇਂਦਰੀ ਸੰਚਾਰ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਕਿਹਾ ਕਿ ਯੂਜ਼ਰਜ਼ ਨਵੇਂ ਮੋਬਾਇਨ ਫੋਨਾਂ ਵਿੱਚ ਇਨਬਿਲਟ ‘ਸੰਚਾਰ ਸਾਥੀ’ ਐਪ ਨੂੰ ਆਪੋ-ਆਪਣੇ ਮੋਬਾਇਲਾਂ ’ਚੋਂ ਡਿਲੀਟ ਕਰ ਸਕਣਗੇ। ਸਿੰਧੀਆ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਚਾਰ ਸਾਥੀ ਐਪ ਨੂੰ ਰੱਖਣਾ ਹੈ ਜਾਂ ਡਿਲੀਟ ਕਰਨਾ ਹੈ, ਇਹ ਫੈਸਲਾ ਯੂਜ਼ਰਜ਼ ਕਰ ਸਕਣਗੇ। ਉਨ੍ਹਾ ਕਿਹਾ, ‘ਜੇ ਤੁਸੀਂ ਇਸ ਐਪ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਡਿਲੀਟ ਕਰ ਦੇਣਾ, ਪਰ ਦੇਸ਼ ਵਿੱਚ ਹਰ ਕੋਈ ਨਹੀਂ ਜਾਣਦਾ ਕਿ ਇਹ ਐਪ ਧੋਖਾਧੜੀ ਅਤੇ ਚੋਰੀ ਤੋਂ ਬਚਾਉਣ ਲਈ ਬਣਾਈ ਗਈ ਹੈ।’ ਉਨ੍ਹਾ ਕਿਹਾ, ‘ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਐਪ ਨੂੰ ਹਰ ਕਿਸੇ ਤੱਕ ਪਹੁੰਚਾਈਏ। ਜੇ ਤੁਸੀਂ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਡਿਲੀਟ ਕਰ ਦੇਣਾ। ਜੇ ਤੁਸੀਂ ਇਸ ਨੂੰ ਨਹੀਂ ਵਰਤਣਾ ਚਾਹੁੰਦੇ, ਤਾਂ ਇਸ ਨੂੰ ਰਜਿਸਟਰ ਨਾ ਕਰੋ। ਜੇ ਤੁਸੀਂ ਇਸ ਨੂੰ ਰਜਿਸਟਰ ਕਰਦੇ ਹੋ, ਤਾਂ ਇਹ ਕਿਰਿਆਸ਼ੀਲ ਰਹੇਗੀ। ਜੇ ਤੁਸੀਂ ਇਸ ਨੂੰ ਰਜਿਸਟਰ ਨਹੀਂ ਕਰਦੇ, ਤਾਂ ਇਹ ਅਕਿਰਿਆਸ਼ੀਲ ਰਹੇਗੀ।’
ਕਾਂਗਰਸ ਨੇ ਨਵੇਂ ਮੋਬਾਇਲ ਹੈਂਡਸੈੱਟਾਂ ਵਿੱਚ ਪਹਿਲਾਂ ਤੋਂ ਹੀ ਸੰਚਾਰ ਸਾਥੀ ਐਪ ਇੰਸਟਾਲ ਕੀਤੇ ਜਾਣ ਸੰਬੰਧੀ ਦੂਰਸੰਚਾਰ ਵਿਭਾਗ ਦੇ ਹੁਕਮਾਂ ਨੂੰ ਗੈਰ-ਸੰਵਿਧਾਨਕ ਦੱਸਦਿਆਂ ਰੱਦ ਕਰ ਦਿੱਤਾ ਹੈ। ਪਾਰਟੀ ਨੇ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ, ‘ਬਿਗ ਬ੍ਰਦਰ (ਵੱਡਾ ਭਰਾ) ਸਾਨੂੰ ਨਹੀਂ ਦੇਖ ਸਕਦਾ। ਦੂਰਸੰਚਾਰ ਵਿਭਾਗ ਦਾ ਇਹ ਨਿਰਦੇਸ਼ ਗੈਰ-ਸੰਵਿਧਾਨਕ ਹੈ। ਨਿੱਜਤਾ ਦਾ ਅਧਿਕਾਰ ਸੰਵਿਧਾਨ ਦੀ ਧਾਰਾ 21 ਵਿੱਚ ਦਰਜ ਜੀਵਨ ਅਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਇੱਕ ਅੰਦਰੂਨੀ ਹਿੱਸਾ ਹੈ।’ ਵੇਣੂਗੋਪਾਲ ਨੇ ਕਿਹਾ, ‘ਇੱਕ ਪਹਿਲਾਂ ਤੋਂ ਲੋਡ ਕੀਤੀ ਸਰਕਾਰੀ ਐਪ, ਜਿਸ ਨੂੰ ਅਨਇੰਸਟਾਲ ਨਹੀਂ ਕੀਤਾ ਜਾ ਸਕਦਾ, ਹਰ ਭਾਰਤੀ ਦੀ ਨਿਗਰਾਨੀ ਕਰਨ ਲਈ ਇੱਕ ਦਮਨਕਾਰੀ ਸੰਦ ਹੈ। ਇਹ ਹਰੇਕ ਨਾਗਰਿਕ ਦੀ ਹਰ ਸਰਗਰਮੀ, ਗੱਲਬਾਤ ਅਤੇ ਫੈਸਲੇ ’ਤੇ ਨਜ਼ਰ ਰੱਖਣ ਦਾ ਇੱਕ ਸਾਧਨ ਹੈ।’
ਉਨ੍ਹਾ ਦੋਸ਼ ਲਾਇਆ ਕਿ ਇਹ ਪੇਸ਼ਕਦਮੀ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ’ਤੇ ‘ਨਿਰੰਤਰ ਹਮਲਿਆਂ’ ਦੀ ਲੰਮੀ ਲੜੀ ਦਾ ਹਿੱਸਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵੇਣੂਗੋਪਾਲ ਨੇ ਮੋਬਾਈਲ ਹੈਂਡਸੈੱਟਾਂ ਵਿੱਚ ਸੰਚਾਰ ਸਾਥੀ ਐਪ ਦੀ ਪੂਰਵ-ਸਥਾਪਨਾ ਦੇ ਸੰਬੰਧ ਵਿੱਚ ਟੈਲੀਕਾਮ ਸਾਈਬਰ ਸੁਰੱਖਿਆ ਨਿਯਮ, 2024 (ਜਿਵੇਂ ਕਿ ਸੋਧਿਆ ਗਿਆ ਹੈ) ਤਹਿਤ ਦੂਰਸੰਚਾਰ ਵਿਭਾਗ ਦੇ ਨਿਰਦੇਸ਼ ਨੂੰ ਵੀ ਸਾਂਝਾ ਕੀਤਾ, ਤਾਂ ਜੋ ਉਨ੍ਹਾਂ ਦੀ ਅਸਲੀਅਤ ਦੀ ਜਾਂਚ ਕੀਤੀ ਜਾ ਸਕੇ।
ਟੈਲੀਕਾਮ ਵਿਭਾਗ ਨੇ 28 ਨਵੰਬਰ ਨੂੰ ਜਾਰੀ ਹੁਕਮਾਂ ਵਿਚ ਹਦਾਇਤ ਕੀਤੀ ਹੈ ਕਿ ਭਾਰਤ ਵਿੱਚ ਮੋਬਾਈਲ ਫੋਨ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਦੇ ਫੋਨਾਂ ਜਾਂ ਇੰਪੋਰਟ ਕੀਤੇ ਫੋਨਾਂ ਵਿੱਚ 90 ਦਿਨਾਂ ਅੰਦਰ ਉਸ ਦੇ ਸੰਚਾਰ ਸਾਥੀ ਐਪ ਨੂੰ ਪਹਿਲਾਂ ਤੋਂ ਇੰਸਟਾਲ ਕਰਨਾ ਹੋਵੇਗਾ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ’ਤੇ ਦੂਰਸੰਚਾਰ ਐਕਟ, 2023, ਟੈਲੀਕਾਮ ਸਾਈਬਰ ਸੁਰੱਖਿਆ ਨਿਯਮ, 2024 (ਜਿਵੇਂ ਕਿ ਸੋਧਿਆ ਗਿਆ ਹੈ), ਅਤੇ ਹੋਰ ਲਾਗੂ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।