ਟੋਕੀਓ: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਜਾਪਾਨ ਦੀ ਸਿਰਮੌਰ ਕੰਪਨੀ ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ.ਐਸ.ਐਫ.) ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਸੂਬੇ ਵਿੱਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਸਹੀਬੱਧ ਕੀਤਾ।ਇਸ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਮੁੱਖ ਮੰਤਰੀ, ਜੋ ਜਾਪਾਨ ਦੇ ਦੌਰੇ ’ਤੇ ਹਨ, ਨੇ ਕਿਹਾ ਕਿ ਟੀ.ਐਸ.ਐਫ. ਅਤੇ ਇਨਵੈਸਟ ਪੰਜਾਬ ਨੇ ਪੰਜਾਬ ਵਿੱਚ ਇੱਕ ਹੁਨਰ ਉੱਤਮਤਾ ਕੇਂਦਰ ਸ਼ੁਰੂ ਕਰਨ ਵਿੱਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਹੁਨਰਮੰਦ/ ਅਰਧ-ਹੁਨਰਮੰਦ ਵਿਅਕਤੀਆਂ/ ਕਾਮਿਆਂ/ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਦਯੋਗਾਂ ਲਈ ਲੋੜੀਂਦੇ ਹੁਨਰਾਂ ਦਾ ਪਸਾਰਾ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ । ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਂਝੇਦਾਰੀ ਉਨ੍ਹਾਂ ਜਦੀਦ ਅਤੇ ਤਕਨੀਕੀ ਹੁਨਰਾਂ ’ਤੇ ਵੀ ਕੇਂਦਰਿਤ ਹੈ, ਜੋ ਜ਼ਿਆਦਾਤਰ ਆਸਾਨੀ ਨਾਲ ਉਪਲਬਧ ਨਹੀਂ ਅਤੇ ਇਸ ਸਮਝੌਤੇ ਤਹਿਤ ਉਦਯੋਗ-ਜਗਤ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਸਿਖਲਾਈ ਪ੍ਰਮਾਣੀਕਰਣ ਵੀ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ (ਐਮ ਓ ਯੂ) ਪੰਜਾਬ ਅਤੇ ਭਾਰਤ ਭਰ ਵਿੱਚ ਟੀ.ਐਸ.ਐਫ. ਅਤੇ ਹੋਰ ਵੱਡੇ ਪੱਧਰ ਦੇ ਉਦਯੋਗਾਂ ਵਿੱਚ ਅਪ੍ਰੈਂਟਿਸਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਵੀ ਰਾਹ ਪੱਧਰਾ ਕਰੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟੀ.ਐਸ.ਐਫ. ਉਦਯੋਗ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਵਿੱਤੀ ਸਹਾਇਤਾ, ਤਕਨੀਕੀ ਜਾਣਕਾਰੀ, ਸਿਖਲਾਈ ਸਹਾਇਤਾ ਅਤੇ ਪਾਠਕ੍ਰਮ ਡਿਜ਼ਾਈਨਿੰਗ ਵੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਪ੍ਰੈਂਟਿਸਸ਼ਿਪਾਂ ਦੀ ਸਹੂਲਤ ਵੀ ਹੋਵੇਗੀ ਅਤੇ ਯੋਗ ਤੇ ਸਿਖਿਆਰਥੀਆਂ ਲਈ ਢੁਕਵੇਂ ਰੁਜ਼ਗਾਰ ਮੌਕੇ ਵੀ ਮਿਲਣਗੇ।ਇਸ ਦੌਰਾਨ ਸੂਬੇ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਟੀ.ਐਸ.ਐਫ. ਗਰੁੱਪ ਨੇ ਇਸ ਨੂੰ ਇੱਕ ਮਜ਼ਬੂਤ ਉਦਯੋਗ- ਸਰਕਾਰੀ ਭਾਈਵਾਲੀ, ਸਹਿਜ ਸਹੂਲਤ, ਉੱਚ-ਗੁਣਵੱਤਾ ਵਾਲੀ ਕਾਰਜਬਲ ਉਪਲਬਧਤਾ, ਨਿਰੰਤਰ ਬਿਜਲੀ ਸਪਲਾਈ ਅਤੇ ਨਿਰੰਤਰ ਨਿਵੇਸ਼ਕ-ਅਨੁਕੂਲ ਵਾਤਾਵਰਣ ਦਾ ਮੁੱਢ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗਰੁੱਪ ਸੂਬੇ ਵਿੱਚ ਆਪਣੇ ਪ੍ਰਸਤਾਵਿਤ ਵਿਸਥਾਰ ਰਾਹੀਂ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਕਰਦਾ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਲਈ ਜ਼ਰੂਰੀ ਪ੍ਰਵਾਨਗੀਆਂ ਅਤੇ ਸੰਚਾਲਨ ਜ਼ਰੂਰਤਾਂ ਨੂੰ ਆਸਾਨ ਬਣਾਉਣ ਲਈ ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਤੋਂ ਨਿਰੰਤਰ ਸਹਿਯੋਗ ਦੀ ਆਸ ਪ੍ਰਗਟਾਈ।


