ਨਵੀਂ ਦਿੱਲੀ : ਨਵੇਂ ਲੇਬਰ ਕੋਡਾਂ ਖਿਲਾਫ ਆਪੋਜ਼ੀਸ਼ਨ ਪਾਰਟੀਆਂ ਦੇ ਸਾਂਸਦਾਂ ਨੇ ਬੁੱਧਵਾਰ ਸੰਸਦ ਕੰਪਲੈਕਸ ਵਿੱਚ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਤੇ ਸਰਮਾਏਦਾਰ-ਪੱਖੀ ਹੈ। ਨਵੇਂ ਲੇਬਰ ਕੋਡ ਮਜ਼ਦੂਰਾਂ ਦੀਆਂ ਨੌਕਰੀਆਂ ਖਤਰੇ ਵਿੱਚ ਪਾਉਣਗੇ, ਕੰਮ ਦੇ ਘੰਟੇ ਵਧਾਉਣਗੇ, ਟਰੇਡ ਯੂਨੀਅਨਾਂ ਤੇ ਉਜਰਤਾਂ ਲਈ ਸੌਦੇਬਾਜ਼ੀ ਦੀ ਤਾਕਤ ਨੂੰ ਕਮਜ਼ੋਰ ਕਰਨਗੇ। ਇਨ੍ਹਾਂ ਕੋਡਾਂ ਵਿੱਚ ਮਾਲਕਾਂ ਨੂੰ 100 ਤੋਂ ਵਧਾ ਕੇ 300 ਵਰਕਰਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਦੀਆਂ 300 ਤੱਕ ਦੇ ਵਰਕਰਾਂ ਵਾਲੀਆਂ 80 ਫੀਸਦੀ ਫੈਕਟਰੀਆਂ ਦੇ ਵਰਕਰਾਂ ਦੀ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੇਲੇ ਵੀ ਛਾਂਟੀ ਕੀਤੀ ਜਾ ਸਕੇਗੀ।





