ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ, ਪਰ ਬਦਸਲੂਕੀ ਕੀਤੀ : ਜੈਸ਼ੰਕਰ

0
30

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ ’ਤੇ ਚੜ੍ਹਾਉਣ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਸੰਸਦ ਮੈਂਬਰ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਡਾ. ਜੈਸ਼ੰਕਰ ਨੇ ਹਰਜੀਤ ਕੌਰ ਦੇ ਆਪਣੇ ਵਕੀਲ ਦੇ ਬਿਆਨ ਦਾ ਹਵਾਲਾ ਦਿੱਤਾ, ਜਿਸ ਨੇ ਕਿਹਾ ਸੀ, ਸ਼ੁਕਰ ਹੈ ਕਿ ਉਨ੍ਹਾਂ ਨੇ ਉਸ ਨੂੰ ਹੱਥਕੜੀ ਨਹੀਂ ਲਗਾਈ। ਇੱਕ ਅਧਿਕਾਰੀ ਅਜਿਹਾ ਕਰਨ ਜਾ ਰਿਹਾ ਸੀ, ਪਰ ਦੂਜੇ ਅਧਿਕਾਰੀ ਨੇ ਉਸ ਦੀ ਉਮਰ ਦੇ ਕਾਰਨ ਮਨ੍ਹਾਂ ਕਰ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਹੁੰਚਣ ’ਤੇ ਕੌਰ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ।
ਉਨ੍ਹਾ ਕਿਹਾ, “ਜਦੋਂ ਵੀ ਡਿਪੋਰਟੀਆਂ ਵਾਲੀ ਫਲਾਈਟ ਉਤਰਦੀ ਹੈ, ਭਾਵੇਂ ਉਹ ਚਾਰਟਰਡ ਹੋਵੇ ਜਾਂ ਕਮਰਸ਼ੀਅਲ ਸਾਡੇ ਅਧਿਕਾਰੀ ਹਰ ਵਿਅਕਤੀ ਦਾ ਇੰਟਰਵਿਊ ਲੈਂਦੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ । ਮੰਤਰੀ ਨੇ ਮੰਨਿਆ ਕਿ ਅਮਰੀਕੀ ਹਿਰਾਸਤ ਦੌਰਾਨ ਕੌਰ ਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਸੀ।
ਹਰਜੀਤ ਕੌਰ ਜੋ ਪਹਿਲੀ ਵਾਰ 1992 ਵਿੱਚ ਆਪਣੇ ਦੋ ਛੋਟੇ ਬੱਚਿਆਂ ਨਾਲ ਕੈਲੀਫੋਰਨੀਆ ਪਹੁੰਚੀ ਸੀ, ਸਾਨ ਫਰਾਂਸਿਸਕੋ ਬੇ ਏਰੀਆ ਦੇ ਇੱਕ ਸ਼ਾਂਤ ਉਪਨਗਰ ਹਰਕਿਊਲਸ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਸੀ।
ਸਾਲਾਂ ਤੱਕ ਉਸ ਨੇ ਇੱਕ ਸਥਾਨਕ ਸਾੜ੍ਹੀ ਸਟੋਰ ’ਤੇ ਕੰਮ ਕੀਤਾ, ਆਪਣੇ ਬੱਚਿਆਂ ਨੂੰ ਪਾਲਿਆ, ਪਰ ਅਚਾਨਕ ਕੌਰ ਨੂੰ 8 ਸਤੰਬਰ ਨੂੰ ਯੂ ਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਸਾਨ ਫਰਾਂਸਿਸਕੋ ਵਿੱਚ ਆਪਣੇ ਦਫਤਰ ਵਿੱਚ ਰਿਪੋਰਟ ਕਰਨ ਗਈ ਸੀ। ਇੱਕ ਰੁਟੀਨ ਜਾਂਚ ਜੋ ਇੱਕ ਡਿਪੋਰਟੇਸ਼ਨ ਆਰਡਰ ਵਿੱਚ ਬਦਲ ਗਈ। 22 ਸਤੰਬਰ ਨੂੰ ਉਸ ਨੂੰ ਵਾਪਸ ਭਾਰਤ ਲਈ ਇੱਕ ਫਲਾਈਟ ’ਤੇ ਚੜ੍ਹਾਇਆ ਗਿਆ ਸੀ।