ਵਾਸ਼ਿੰਗਟਨ : ਸੰਸਾਰ ਫੁੱਟਬਾਲ ਜਥੇਬੰਦੀ (ਫੀਫਾ) ਸਿਆਸੀ ਨਿਰਪੱਖਤਾ ਦੀ ਐਲਾਨੀਆ ਨੀਤੀ ਤਹਿਤ ਉਨ੍ਹਾਂ ਖਿਡਾਰੀਆਂ ਨੂੰ ਅਕਸਰ ਜੁਰਮਾਨੇ ਲਾ ਦਿੰਦੀ ਹੈ ਜਾਂ ਕੁਝ ਮੈਚ ਖੇਡਣ ਤੋਂ ਰੋਕ ਦਿੰਦੀ ਹੈ, ਜਿਹੜੇ ਮੈਦਾਨ ਵਿੱਚ ਕਿਸੇ ਵੀ ਤਰ੍ਹਾਂ ਦਾ ਸਿਆਸੀ ਇਸ਼ਾਰਾ ਕਰਦੇ ਹਨ। ਪਰ ਜਥੇਬੰਦੀ ਦੇ ਪ੍ਰਧਾਨ ਗਿਆਨੀ ਇਨਫੈਨਤੀਨੋ ਨੇ ਵਿਸ਼ਵ ਕੱਪ ਫੁੱਟਬਾਲ ਲਈ ਟੀਮਾਂ ਦੇ ਡਰਾਅ ਕੱਢਣ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਹਿਲਾ ਫੀਫਾ ਅਮਨ ਇਨਾਮ ਦੇ ਕੇ ਉਸ ਨਾਲ ਆਪਣੀ ਆੜੀ ਨੂੰ ਹੋਰ ਮਜ਼ਬੂਤ ਕੀਤਾ ਹੈ। ਟਰੰਪ ਨੂੰ ਇਹ ਇਨਾਮ ਅਮਰੀਕਾ ਵੱਲੋਂ ਵੈਨਜ਼ੁਏਲਾ ਦੇ ਖਿਲਾਫ ਮਾਰੂ ਹਵਾਈ ਹਮਲੇ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਕਰੈਗ ਮੁਖਬਿਰ, ਜਿਸਨੇ ਗਾਜ਼ਾ ਵਿੱਚ ਨਸਲਘਾਤ ਲਈ ਇਜ਼ਰਾਈਲ ਨੂੰ ਸੰਸਾਰ ਫੁੱਟਬਾਲ ਵਿੱਚੋਂ ਬਾਹਰ ਕਰਨ ਲਈ ਮੁਹਿੰਮ ਚਲਾਈ ਹੈ, ਨੇ ਕਿਹਾ ਕਿ ਟਰੰਪ ਨੂੰ ਇਨਾਮ ਦੇਣਾ ਸ਼ਰਮਨਾਕ ਹੈ। ਇਨਫੈਨਤੀਨੋ ਇਜ਼ਰਾਈਲ ਖਿਲਾਫ ਕਾਰਵਾਈ ਤੋਂ ਇਹ ਕਹਿੰਦਿਆਂ ਇਨਕਾਰ ਕਰਦਾ ਆ ਰਿਹਾ ਹੈ ਕਿ ਫੁੱਟਬਾਲ ਭੂ-ਰਾਜਨੀਤਕ ਮੁੱਦੇ ਹੱਲ ਨਹੀਂ ਕਰ ਸਕਦਾ। ਮੁਖਬਿਰ ਨੇ ਕਿਹਾ ਹੈ ਕਿ ਟਰੰਪ ਨੇ ਗਾਜ਼ਾ ’ਤੇ ਇਜ਼ਰਾਈਲੀ ਹਮਲਿਆਂ ਦੀ ਹਮੇਸ਼ਾ ਹਮਾਇਤ ਕੀਤੀ ਹੈ ਤੇ ਕੈਰੇਬੀਅਨ ਸਾਗਰ ਵਿੱਚ ਮਾਰੂ ਹਮਲੇ ਕੀਤੇ ਹਨ, ਜੋ ਕਿ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ।





