ਚੰਡੀਗੜ੍ਹ. (ਗੁਰਜੀਤ ਬਿੱਲਾ, �ਿਸ਼ਨ ਗਰਗ)-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਨਵਜੋਤ ਕੌਰ ਸਿੱਧੂ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੀਤੇ ਗਏ ਸਨਸਨੀਖੇਜ਼ ਖੁਲਾਸਿਆਂ ਨੇ ‘ਭੱਦੀ ਸੱਚਾਈ’ ਨੂੰ ਬੇਨਕਾਬ ਕੀਤਾ ਹੈ ਕਿ ਕਾਂਗਰਸ ਕਿਵੇਂ ਕੰਮ ਕਰਦੀ ਹੈ, ਲੀਡਰਸ਼ਿਪ ਕਿਵੇਂ ਤੈਅ ਕੀਤੀ ਜਾਂਦੀ ਹੈ ਅਤੇ ਨਿੱਜੀ ਅਭਿਲਾਸ਼ਾਵਾਂ ਅਤੇ ਪੈਸੇ ਦੇ ਸੌਦਿਆਂ ਲਈ ਪੰਜਾਬ ਦੇ ਹਿੱਤਾਂ ਨੂੰ ਕਿਵੇਂ ਪਾਸੇ ਕਰ ਦਿੱਤਾ ਜਾਂਦਾ ਹੈ।ਪੰਨੂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਦੋ ਧਮਾਕੇਦਾਰ ਦਾਅਵੇ ਕੀਤੇ ਹਨ, ਇੱਕ ਇਹ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਤਾਂ ਹੀ ਮੁੜ ਦਾਖਲ ਹੋਣਗੇ ਜੇ ਕਾਂਗਰਸ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ ਅਤੇ ਦੂਜਾ ਕਿ ਸਿੱਧੂਆਂ ਕੋਲ ਅਦਾਇਗੀ ਕਰਨ ਲਈ 500 ਕਰੋੜ ਰੁਪਏ ਨਹੀਂ ਹਨ, ਜਿਸ ਦਾ ਮਤਲਬ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਸੌਦਾ ਜ਼ਰੂਰੀ ਹੈ।ਪੰਨੂ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਦੀ ਲੀਡਰਸ਼ਿਪ ਸੱਚਮੁੱਚ ਮੁੱਖ ਮੰਤਰੀ ਦਾ ਚਿਹਰਾ 500 ਕਰੋੜ ਰੁਪਏ ਵਿੱਚ ਵੇਚਦੀ ਹੈ। ਉਨ੍ਹਾ ਕਿਹਾ, ਜੇ ਸਿੱਧੂ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ, ਤਾਂ ਇਹ ਰਕਮ ਕੌਣ ਅਦਾ ਕਰਦਾ ਹੈ? ਇਹ ਪੈਸਾ ਕਿੱਥੇ ਜਾਂਦਾ ਹੈ? ਸੂਬਾ ਯੂਨਿਟ ਦੇ ਪ੍ਰਧਾਨ ਨੂੰ? ਹਾਈ ਕਮਾਂਡ ਨੂੰ? ਰਾਹੁਲ ਗਾਂਧੀ ਜਾਂ ਖੜਗੇ ਨੂੰ? ਪੰਜਾਬ ਦੇ ਲੋਕ ਜਵਾਬ ਦੇ ਹੱਕਦਾਰ ਹਨ।
ਪੰਨੂ ਨੇ ਯਾਦ ਕਰਵਾਇਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ, ਐੱਮ ਪੀ, ਐੱਮ ਐੱਲ ਏ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਪੁੱਛਿਆ ਕੀ ਇਹ ਅਹੁਦੇ ਵੀ ਖਰੀਦੇ ਗਏ ਸਨ? ਕੀ ਉਨ੍ਹਾਂ ਨੂੰ ਘੱਟ ਰਕਮ ਦੇ ਕੇ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ? ਕਾਂਗਰਸ ਵਿੱਚ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਨ ਲਈ ਕਿੰਨੇ ਕਰੋੜਾਂ ਦੀ ਲੋੜ ਹੈ?
ਸਿੱਧੂ ਦੀ ਸ਼ਰਤੀਆ ਰਾਜਨੀਤੀ ਦੀ ਆਲੋਚਨਾ ਕਰਦੇ ਹੋਏ ਪੰਨੂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਿੱਧੂ ਦਾਅਵਾ ਕਰਦੇ ਹਨ ਕਿ ਪੰਜਾਬ ਨੂੰ ਇਸ ਦੇ ‘ਸੁਨਹਿਰੀ ਦਿਨ’ ਤਾਂ ਹੀ ਮਿਲਣਗੇ ਜੇ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਹੈ। ਉਨ੍ਹਾ ਕਿਹਾ,ਜੇ ਕਾਂਗਰਸ ਉਨ੍ਹਾਂ ਨੂੰ ਐਲਾਨ ਨਹੀਂ ਕਰਦੀ ਤਾਂ ਪੰਜਾਬ ਨੂੰ ਨੁਕਸਾਨ ਹੋ ਸਕਦਾ ਹੈ, ਇਹ ਉਨ੍ਹਾਂ ਦਾ ਸੰਦੇਸ਼ ਹੈ। ਕੀ ਪੰਜਾਬ ਨਵਜੋਤ ਸਿੱਧੂ ਲਈ ਸਿਰਫ਼ ਇੱਕ ਸੌਦੇਬਾਜ਼ੀ ਦਾ ਸਾਧਨ ਹੈ?
ਪੰਨੂ ਨੇ ਭਾਜਪਾ ਆਗੂ ਸੁਨੀਲ ਜਾਖੜ ਨੂੰ ਪੁੱਛਿਆ ਹੈ ਕਿ ਉਹ ਹੁਣ ਕਹਿ ਰਹੇ ਹਨ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵੇਚੀ ਗਈ ਸੀ, ਪਰ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਨ, ਤਾਂ ਉਨ੍ਹਾ ਨੇ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ? ਜਾਖੜ ਸਾਹਿਬ ਸਾਫ ਕਰਨ ਕਿ ਕੀ ਪ੍ਰਧਾਨ ਹੁੰਦਿਆਂ ਉਨ੍ਹਾ ਨੂੰ ਇਹ ਸਭ ਪਤਾ ਸੀ? ਕੀ ਇਸੇ ਕਰਕੇ ਉਨ੍ਹਾ ਦੀ ਵਾਰੀ ਨਹੀਂ ਆਈ ਕਿਉਂਕਿ ਉਸ ਵੇਲੇ ਸਾਢੇ ਤਿੰਨ ਸੌ ਕਰੋੜ ਵਿੱਚ ਕੁਰਸੀ ਵਿਕੀ ਸੀ? ਅਤੇ ਅੱਜ ਮਹਿੰਗਾਈ ਕਰਕੇ ਉਹਦਾ ਰੇਟ ਵਧ ਕੇ 500 ਕਰੋੜ ਹੋ ਗਿਆ, ਜਿਵੇਂ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਹਨ।





