ਬੀਬਾ ਨਵਜੋਤ ਕੌਰ ਸਿੱਧੂ ਦੇ ਦਾਅਵੇ ਤੋਂ ਬਾਅਦ ਬਿਆਨਬਾਜ਼ੀਆਂ ਤੇਜ਼
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਵਿੱਚ ਮੋਟੀ ਰਕਮ ਦਾ ਲੈਣ-ਦੇਣ ਹੋਇਆ ਸੀ ਅਤੇ ਉਨ੍ਹਾ ਦੇ ਪਤੀ ਸਰਗਰਮ ਸਿਆਸਤ ਵਿੱਚ ਕੁੱਦ ਪੈਣਗੇ ਜੇ ਉਨ੍ਹਾ ਨੂੰ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਣਾਉਦੀ ਹੈ। ਸ਼ਨਿੱਚਰਵਾਰ ਇੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦੀ ਅਮਨ-ਕਾਨੂੰਨ ਦੀ ਹਾਲਤ ਤੇ ਹੋਰ ਮੁੱਦਿਆਂ ’ਤੇ ਮਿਲਣ ਤੋਂ ਬਾਅਦ ਬੀਬਾ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਪਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਪੰਜਾਬ ਨੂੰ ਸੁਨਹਿਰਾ ਬਣਾ ਦੇਣਗੇ। ਸੀਨੀਅਰ ਕਾਂਗਰਸ ਆਗੂ ਤੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਾਪਦਾ ਹੈ ਕਿ ਸਿੱਧੂ ਪਰਵਾਰ ਕਿਸੇ ਮਿਸ਼ਨ ਨਾਲ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਤੇ ਉਨ੍ਹਾਂ ਨੂੰ ਲੱਗਦੈ ਕਿ ਉਨ੍ਹਾਂ ਦਾ ਮਿਸ਼ਨ ਪੂਰਾ ਹੋ ਗਿਆ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਿੱਧੂ ਪਰਵਾਰ ਦੇ ਐਕਸ਼ਨਾਂ ਨੂੰ ਸਮਝ ਨਹੀਂ ਸਕੇ। ਉਨ੍ਹਾ ਕਿਹਾ, ‘‘ਅਸੀਂ ਇਸ ਭਰੋਸੇ ਨਾਲ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਕਿ ਉਹ ਕਾਂਗਰਸ ਆਗੂ ਦੇ ਬੇਟੇ ਹਨ। ਕੀ ਸਿੱਧੂ ਪਰਵਾਰ ਦੱਸ ਸਕਦਾ ਹੈ ਕਿ ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ, ਜੋ ਕਿ ਮੁੱਖ ਮੰਤਰੀ ਦੇ ਬਰਾਬਰ ਦੀ ਪੁਜ਼ੀਸ਼ਨ ਹੁੰਦੀ ਹੈ, ਮਿਲੀ ਤਾਂ ਉਨ੍ਹਾਂ ਨੋਟਾਂ ਦਾ ਸੂਟਕੇਸ ਕਿਸਨੂੰ ਫੜਾਇਆ ਸੀ?’’
ਰੰਧਾਵਾ ਨੇ ਕਿਹਾ ਕਿ ਪਿਛਲੀ ਕਾਰਗੁਜ਼ਾਰੀ ਕੱਢ ਕੇ ਦੇਖ ਲਓ, ਸਿੱਧੂਆਂ ਨੇ ਵਿਰੋਧੀਆਂ ਦੀ ਬੋਲੀ ਹੀ ਬੋਲੀ ਤੇ ਕਾਂਗਰਸ ਦਾ ਭਾਰੀ ਨੁਕਸਾਨ ਕੀਤਾ। ਜੇ ਇਸ ਪਰਵਾਰ ਦੀਆਂ ਇੰਟਰਵਿਊਆਂ ਤੇ ਬਿਆਨ ਕੱਢ ਕੇ ਦੇਖੋ ਤਾਂ ਸ਼ੀਸ਼ੇ ਵਾਂਗ ਸਾਫ ਹੋ ਜਾਵੇਗਾ ਕਿ ਕੀ ਇਹ ਕਾਂਗਰਸ ਨੂੰ ਬਚਾਉਣ ਆਏ ਸੀ ਕਿ ਡੋਬਣ? ਰੰਧਾਵਾ ਨੇ ਕਿਹਾ ਕਿ ਇਸਤੋਂ ਪਹਿਲਾਂ ਕਿ ਨਵਜੋਤ ਸਿੱਧੂ ਘਰਵਾਪਸੀ (ਭਾਜਪਾ ’ਚ) ਕਰੇ ਕਾਂਗਰਸ ਹਾਈ ਕਮਾਨ ਨੂੰ ਉਨ੍ਹਾ ਨੂੰ ਖੁਸ਼ੀ-ਖੁਸ਼ੀ ਵਿਦਾ ਕਰ ਦੇਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੇ 2022 ਦੀਆਂ ਅਸੈਂਬਲੀ ਚੋਣਾਂ ਵਿੱਚ ਅੰਮਿ੍ਰਤਸਰ ਪੂਰਬੀ ਹਲਕੇ ਵਿੱਚ ਆਪ ਦੀ ਜੀਵਨ ਜੋਤ ਕੌਰ ਤੋਂ ਚੋਣ ਹਾਰਨ ਦੇ ਬਾਅਦ ਪ੍ਰਧਾਨਗੀ ਛੱਡ ਦਿੱਤੀ ਸੀ।





