ਸ਼ਾਹਕੋਟ (ਗਿਆਨ ਸੈਦਪੁਰੀ)-‘ਕਿਸੇ ਵੀ ਮੁਲਕ ਵਿੱਚ ਇਨਕਲਾਬ ਲਿਆਉਣ ਲਈ ਮਜ਼ਦੂਰ ਜਮਾਤ ਦੀ ਮੋਹਰੀ ਭੂਮਿਕਾ ਰਹੀ ਹੈ | ਜੇਕਰ ਇਹ ਕਹਿ ਲਿਆ ਜਾਵੇ ਕਿ ਇਨਕਲਾਬ ਲਿਆਂਉਦੇ ਹੀ ਮਜ਼ਦੂਰ ਹਨ ਤਾਂ ਇਹ ਅਤਕਥਨੀ ਨਹੀਂ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਸੂਬਾ ਸਕੱਤਰ ਅਤੇ ਏਟਕ ਦੇ ਪ੍ਰਧਾਨ ਬੰਤ ਬਰਾੜ ਨੇ ਕੀਤਾ | ਉਹ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਮੂਹਰੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਮੋਰਚੇ ਦੀ ਸਮਾਪਤੀ ਉਪਰੰਤ ਵਾਪਸ ਪਰਤ ਰਹੇ ਦੋ ਮਜ਼ਦੂਰਾਂ ਦੀ ਹੋਈ ਮੌਤ ‘ਤੇ ਉਨ੍ਹਾਂ ਦੇ ਪਰਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਤੋਂ ਸਰਕਾਰੀ ਆਨਾਕਾਨੀ ਦੇ ਵਤੀਰੇ ਵਿਰੁੱਧ ਫਿਲੌਰ ਵਿੱਚ ਲਾਏ ਧਰਨੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ | ਉਨ੍ਹਾ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੇ ਮੁਆਵਜ਼ੇ ਦੀ ਤਰਜ਼ ‘ਤੇ ਰੇਲ ਹਾਦਸੇ ਦਾ ਸ਼ਿਕਾਰ ਹੋਏ ਦੋ ਮਜ਼ਦੂਰਾਂ ਦੇ ਵਾਰਸਾਂ ਨੂੰ ਸਰਕਾਰ ਤੁਰੰਤ ਮੁਆਵਜ਼ਾ ਦੇਵੇ | ਸਾਥੀ ਬਰਾੜ ਨੇ ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਏਕਤਾ ਸੰਬੰਧੀ ਬਣੀ ਸਾਰਥਿਕ ਸਾਂਝ ਦੇ ਸੰਦਰਭ ਵਿੱਚ ਕਿਹਾ ਕਿ ਇਸ ਸਾਂਝ ਨੂੰ ਹੋਰ ਪੀਡੀ ਕਰਨ ਦੀ ਲੋੜ ਹੈ | ਉਨ੍ਹਾ ਕਿਹਾ ਕਿ ਇਨਸਾਫ ਮਿਲਣ ਤੱਕ ਸੀ ਪੀ ਆਈ ਮਜ਼ਦੂਰ ਜਥੇਬੰਦੀਆਂ ਦੇ ਘੋਲ ਦੀ ਹਰ ਤਰ੍ਹਾਂ ਮਦਦ ਕਰੇਗੀ | ਉਹਨਾ ‘ਇੰਟਰਨੈਸ਼ਨਲ ਵਰਕਿੰਗ ਮੈਨਜ਼ ਐਸੋਸੀਏਸ਼ਨ’ ਦੀ ਇੱਕ ਸਭਾ ਵਿੱਚ ਕਾਰਲ ਮਾਰਕਸ ਵੱਲੋਂ ਆਖੇ ਸ਼ਬਦਾਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਤੱਕ ਮਜ਼ਦੂਰ ਜਮਾਤ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੀ, ਓਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾ ਕਿਹਾ ਕਿ 12, 13 ਅਤੇ 14 ਸਤੰਬਰ ਨੂੰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਮੋਰਚੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਦੇਣਾ ਇਨਕਲਾਬੀ ਸਫਾਂ ਵਿੱਚ ਇੱਕ ਵਾਰ ਸੁਲੱਖਣਾ ਸੁਨੇਹਾ ਦੇ ਗਿਆ | ਉਹਨਾ ਕੇਂਦਰ ਸਰਕਾਰ ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ | ਉਨ੍ਹਾ ਕਿਹਾ ਕਿ ਸਰਕਾਰ ਆਪਣੇ ਕਾਰਪੋਰੇਟ ਆਕਾਵਾਂ ਦੇ ਇਸ਼ਾਰੇ ‘ਤੇ ਮਜ਼ਦੂਰ ਵਿਰੋਧੀ ਕਾਰਵਾਈਆਂ ਨੂੰ ਅੱਗੇ ਵਧਾ ਰਹੀ ਹੈ | 40 ਕਿਰਤ ਕਨੂੰਨਾਂ ਦੀ ਥਾਂ 4 ਕੋਡ ਬਣਾਉਣੇ ਇਸ ਦੀ ਉਘੜਵੀਂ ਉਦਾਹਰਨ ਹੈ | ਇਹ ਸਭ ਕੁਝ ਬੇਰੁਜ਼ਗਾਰੀ ਖਤਮ ਕਰਨ ਅਤੇ ਆਰਥਕ ਖੁਸ਼ਹਾਲੀ ਲਿਆਉਣ ਦੀ ਆੜ ਵਿੱਚ ਕੀਤਾ ਜਾ ਰਿਹਾ ਹੈ | ਕਮਿਊਨਿਸਟ ਆਗੂ ਨੇ ਮਿ੍ਤਕ ਮਜ਼ਦੂਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦੀ ਜ਼ੋਰਦਾਰ ਤਰੀਕੇ ਨਾਲ ਮੰਗ ਕਰਦਿਆਂ ਮੌਕੇ ‘ਤੇ ਹੀ ਆਪਣੇ ਵੱਲੋਂ ਵੀਹ ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ | ਇਸੇ ਤਰ੍ਹਾਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ ਨੇ ਵੀ ਪੰਜ ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ | ਉਹਨਾ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਗਏ ਧਰਨੇ ਵਿੱਚ ਸੀ ਪੀ ਆਈ ਅਤੇ ਪਾਰਟੀ ਨਾਲ ਸੰਬੰਧਤ ਜਥੇਬੰਦੀਆਂ ਦੀ ਸਰਗਰਮ ਭੂਮਿਕਾ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਧਰਨੇ ਨੂੰ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸਵਰਨ ਸਿੰਘ ਅਕਲਪੁਰੀ, ਚਰਨਜੀਤ ਥੰਮੂਵਾਲ, ਸਿਕੰਦਰ ਸਿੰਘ ਸੰਧੂ ਅਤੇ ਰਛਪਾਲ ਕੈਲੇ ਨੇ ਵੀ ਸੰਬੋਧਨ ਕੀਤਾ |


