ਭੂਪਾਲ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਜਨਮ ਦਿਨ ‘ਤੇ ਨਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ‘ਚ ਛੱਡਿਆ | ਇਸ ਤੋਂ ਪਹਿਲਾਂ ਅੱਠ ਚੀਤਿਆਂ ਨੂੰ ਏਅਰ ਫੋਰਸ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ | ਸਰਕਾਰ ਇੱਕ ਪਾਸੇ ਇਹ ਦਾਅਵਾ ਕਰ ਰਹੀ ਹੈ ਕਿ ਇਹ ਕਦਮ ਇਸ ਇਲਾਕੇ ਲਈ ਵਰਦਾਨ ਸਾਬਿਤ ਹੋਵੇਗਾ, ਦੂਜੇ ਪਾਸੇ ਇਸ ਇਲਾਕੇ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ | ਸਰਕਾਰ ਦਾ ਕਹਿਣਾ ਹੈ ਕਿ ਚੀਤਿਆਂ ਦੇ ਇੱਥੇ ਆਉਣ ਨਾਲ ਖੇਤਰ ‘ਚ ਸੈਲਾਨੀ ਵਧਣਗੇ, ਪਰ ਚੀਤਿਆਂ ਦੇ ਰੌਲੇ ਪਿੱਛੇ ਇੱਕ ‘ਕਾਲਾ ਸੱਚ’ ਦਬਾਇਆ ਜਾ ਰਿਹਾ ਹੈ | ਜਿਸ ਜੰਗਲ ‘ਚ ਨਾਮੀਬੀਆ ਤੋਂ ਲਿਆਂਦੇ ਗਏ ਇਹ ਚੀਤੇ ਰਹਿਣਗੇ, ਉਸ ਦੇ ਆਸ-ਪਾਸ ਦੇ ਪਿੰਡਾਂ ‘ਚ ਹੱਦੋਂ ਵੱਧ ਕੁਪੋਸ਼ਣ ਅਤੇ ਗਰੀਬੀ ਹੈ | ਲੋਕਾਂ ਕੋਲ ਰੁਜ਼ਗਾਰ ਦੀ ਕਮੀ ਹੈ | ਸ਼ਿਓਪੁਰ ਜ਼ਿਲ੍ਹੇ ਨੂੰ ਭਾਰਤ ਦਾ ਇਥੋਪੀਆ ਵੀ ਕਿਹਾ ਜਾਂਦਾ ਹੈ | ਮੀਡੀਆ ‘ਚ ਖੂਬ ਚਰਚਾ ਕੀਤੀ ਜਾ ਰਹੀ ਹੈ ਕਿ ਕਿਵੇਂ ਚੀਤਿਆਂ ਦੇ ਆਉਣ ਨਾਲ ਇਲਾਕੇ ‘ਚ ਬਹੁਤ ਵੱਡੇ ਬਦਲਾਅ ਹੋਣਗੇ | ਇਹ ਗੱਲ ਸੱਚ ਵੀ ਹੈ ਕਿ ਬਦਲਾਅ ਹੋ ਸਕਦੇ ਹਨ, ਪਰ ਜੰਗਲੀ ਜੀਵ ਮਾਹਰ ਦੱਸਦੇ ਹਨ ਕਿ ਇਨ੍ਹਾਂ ਬਦਲਾਵਾਂ ਨੂੰ ਹੋਣ ਲਈ ਕਰੀਬ 20 ਤੋਂ 25 ਸਾਲ ਲੱਗ ਜਾਣਗੇ | ਇਹ ਬਦਲਾਅ ਉਦੋਂ ਆ ਸਕਦੇ ਹਨ, ਜਦ ਇਨ੍ਹਾਂ ਜੰਗਲਾਂ ‘ਚ ਚੀਤਿਆਂ ਦੀ ਵੱਡੀ ਆਬਾਦੀ ਹੋ ਜਾਵੇਗੀ ਅਤੇ ਸੈਲਾਨੀ ਇਨ੍ਹਾਂ ਨੂੰ ਦੇਖਣ ਆਉਣਗੇ | ਸ਼ਿਓਪੁਰ ਜ਼ਿਲ੍ਹੇ ‘ਚ 21 ਹਜ਼ਾਰ ਤੋਂ ਜ਼ਿਆਦਾ ਕੁਪੋਸ਼ਣ ਦੇ ਸ਼ਿਕਾਰ ਹਨ | ਇਹ ਅੰਕੜਾ ਮੱਧ ਪ੍ਰਦੇਸ਼ ਸਰਕਾਰ ਨੇ ਵਿਧਾਨ ਸਭਾ ‘ਚ ਲਿਖਤ ਜਵਾਬ ‘ਚ ਦਿੱਤਾ ਸੀ | ਦੋ ਹਫ਼ਤੇ ਪਹਿਲਾਂ ਇਸੇ ਜ਼ਿਲ੍ਹੇ ‘ਚ ਇੱਕ ਬੱਚੇ ਦੀ ਕੁਪੋਸ਼ਣ ਨਾਲ ਮੌਤ ਹੋ ਗਈ ਸੀ | ਅਧਿਕਾਰੀਆਂ ਨੇ ਇਹ ਜ਼ਰੂਰ ਕੀਤਾ ਕਿ ਕੁਪੋਸ਼ਣ ਦੇ ਅੰਕੜਿਆਂ ‘ਚ ਜਿਹੜੇ ਪੰਜ ਸਾਲ ਤੋਂ ਉਪਰ ਦੇ ਬੱਚੇ ਸਨ, ਉਨ੍ਹਾ ਦੇ ਨਾਂਅ ਲਿਸਟ ‘ਚੋਂ ਕੱਟ ਦਿੱਤੇ ਅਤੇ ਇਸ ਤਰ੍ਹਾਂ ਇੱਥੇ ਕਾਗਜ਼ਾਂ ‘ਚ ਕੁਪੋਸ਼ਣ ਖ਼ਤਮ ਹੋ ਗਿਆ | ਨੈਸ਼ਨਲ ਪਾਰਕ ਦੇ ਨੇੜਲੇ ਇਲਾਕੇ ਵਿੱਚ ਕਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ | ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਰੁਜ਼ਗਾਰ ਨਹੀਂ, ਬਲਕਿ ਹੱਦੋਂ ਵੱਧ ਗਰੀਬੀ ਹੈ | ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ | ਜਦ ਪਿੰਡ ਵਾਲਿਆਂ ਤੋਂ ਪੁੱਛਿਆ ਗਿਆ ਕਿ ਇੱਥੇ ਚੀਤੇ ਛੱਡੇ ਜਾ ਰਹੇ ਹਨ ਤਾਂ ਇਸ ਨਾਲ ਤੁਹਾਨੂੰ ਕੁਝ ਲਾਭ ਮਿਲੇਗਾ ਤਾਂ ਉਨ੍ਹਾ ਕਿਹਾ ਕਿ ਚੀਤਿਆਂ ਨਾਲ ਸਾਨੂੰ ਕੀ ਮਿਲੇਗਾ, ਕੁਝ ਨਹੀਂ ਮਿਲਣ ਵਾਲਾ | ਇਨ੍ਹਾਂ ਦੇ ਆਉਣ ਨਾਲ ਸਾਡੀ ਸਥਿਤੀ ‘ਚ ਕੋਈ ਸੁਧਾਰ ਨਹੀਂ ਆਉਣਾ | ਜ਼ਿਕਰਯੋਗ ਹੈ ਕਿ ਜਿਸ ਖੇਤਰ ‘ਚ ਕੂਨੋ ਨੈਸ਼ਨਲ ਪਾਰਕ ਹੈ, ਉਥੇ ਕਰੀਬ 23 ਪਿੰਡ ਇਸ ਤਰ੍ਹਾਂ ਦੇ ਹਨ, ਜੋ ਗਰੀਬੀ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ | ਇਨ੍ਹਾਂ ਦੀ ਆਬਾਦੀ ਤਕਰੀਬਨ 56,000 ਹੈ |





