ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ 8 ਨਵੰਬਰ ਨੂੰ ਆਪਣੇ ਲੋਕ ਸਭਾ ਹਲਕੇ ਵਾਰਾਣਸੀ ’ਚ ਚਾਰ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕੀਤਾ ਸੀ, ਜਿਸ ’ਤੇ ਉੱਤਰ-ਪੂਰਬੀ ਰੇਲਵੇ ਦੀ ਵਾਰਾਣਸੀ ਡਵੀਜ਼ਨ ਨੇ 3 ਕਰੋੜ 37 ਲੱਖ 93 ਹਜ਼ਾਰ 351 ਰੁਪਏ ਖਰਚ ਕੀਤੇ। ਡਵੀਜ਼ਨ ਨੇ ਆਰ ਟੀ ਆਈ ਕਾਰਕੁੰਨ ਅਜੈ ਬਸੁਦੇਵ ਬੋਸ ਦੀ ਅਰਜ਼ੀ ਦੇ ਜਵਾਬ ਵਿੱਚ ਦੱਸਿਆ ਕਿ ਇਹ ਸਾਰੀ ਰਕਮ ਉਦਘਾਟਨ ਪ੍ਰੋਗਰਾਮ ’ਤੇ ਖਰਚ ਕੀਤੀ ਗਈ। ਪ੍ਰਧਾਨ ਮੰਤਰੀ ਨੇ ਜਦੋਂ 15 ਫਰਵਰੀ 2019 ਨੂੰ ਦਿੱਲੀ ਤੋਂ ਵਾਰਾਣਸੀ ਲਈ ਪਹਿਲੀ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਈ ਸੀ ਤਾਂ ਉਦਘਾਟਨ ਪ੍ਰੋਗਰਾਮ ’ਤੇ ਸਰਕਾਰ ਨੇ 52 ਲੱਖ ਰੁਪਏ ਖਰਚ ਕੀਤੇ ਸਨ। ਛੇ ਸਾਲ ਬਾਅਦ ਇਹ ਖਰਚ ਸਾਢੇ ਛੇ ਗੁਣਾ ਵਧ ਗਿਆ ਹੈ।
ਆਰ ਟੀ ਆਈ ਦੇ ਜਵਾਬ ਵਿੱਚ ਖਰਚ ਦਾ ਕੋਈ ਵਿਸਤਿ੍ਰਤ ਵੇਰਵਾ ਨਹੀਂ ਦੱਸਿਆ ਗਿਆ। ਸਿਰਫ ਕੁੱਲ ਖਰਚ ਦੀ ਰਕਮ ਹੀ ਦੱਸੀ ਗਈ ਹੈ। ਇਹ ਨਹੀਂ ਦੱਸਿਆ ਕਿ ਸਾਜ-ਸਜਾਵਟ ਲਈ ਕਿਹੜੀ ਕੰਪਨੀ ਨੂੰ ਕੰਮ ਦਿੱਤਾ ਗਿਆ? ਸੁਰੱਖਿਆ ’ਤੇ ਕਿੰਨਾ ਖਰਚ ਹੋਇਆ? ਮੀਡੀਆ, ਲਾਜਿਸਟਿਕਸ ਤੇ ਹੋਰ ਵਿਵਸਥਾਵਾਂ ’ਤੇ ਕਿੰਨਾ ਖਰਚ ਹੋਇਆ? ਪਰ 8 ਅਪ੍ਰੈਲ 2023 ਨੂੰ ਦੱਖਣੀ ਰੇਲਵੇ ਦੀ ਚੇਨੱਈ ਡਵੀਜ਼ਨ ਨੇ ਜਿਹੜੇ ਅੰਕੜੇ ਦਿੱਤੇ ਸਨ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਕਿਹੜੀ ਚੀਜ਼ ’ਤੇ ਕਿੰਨਾ ਖਰਚ ਹੁੰਦਾ ਹੈ। ਪ੍ਰਧਾਨ ਮੰਤਰੀ ਨੇ 8 ਅਪ੍ਰੈਲ 2023 ਨੂੰ ਚੇਨੱਈ-ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਦਾ ਉਦਘਾਟਨ ਕੀਤਾ ਸੀ, ਜਿਸ ’ਤੇ 1.14 ਕਰੋੜ ਰੁਪਏ ਖਰਚ ਹੋਏ ਸਨ। ਇਸ ਵਿੱਚੋਂ 1.05 ਕਰੋੜ ਰੁਪਏ ਇਕੱਲੀ ਇਵੋਕ ਮੀਡੀਆ ਨਾਮੀ ਇੱਕ ਨਿੱਜੀ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਦਿੱਤੇ ਗਏ ਸਨ। ਯਾਨੀ ਕੁਲ ਖਰਚ ਦਾ 92 ਫੀਸਦੀ ਸਿਰਫ ਈਵੈਂਟ ਮੈਨੇਜਮੈਂਟ ਵਿੱਚ ਚਲੇ ਗਿਆ ਸੀ। ਜੇ ਵਾਰਾਣਸੀ ਵਿੱਚ ਵੀ ਇਸੇ ਅਨੁਪਾਤ ਨਾਲ ਖਰਚ ਹੋਇਆ ਤਾਂ ਤਿੰਨ ਕਰੋੜ ਰੁਪਏ ਤੋਂ ਵੱਧ ਸਿਰਫ ਈਵੈਂਟ ਮੈਨੇਜਮੈਂਟ ’ਤੇ ਖਰਚ ਹੋਇਆ ਹੋਵੇਗਾ। ਇੱਥੇ ਅਹਿਮ ਗੱਲ ਇਹ ਹੈ ਕਿ 3.38 ਕਰੋੜ ਰੁਪਏ ਸਿਰਫ ‘ਉਦਘਾਟਨ’ ਉੱਤੇ ਖਰਚ ਕੀਤੇ ਗਏ। ਇਸ ਦਾ ਮਤਲਬ ਹੈ ਕਿ ਇਹ ਰਕਮ ਸਿਰਫ ਸਮਾਰੋਹ ਕਰਨ ਲਈ ਸੀ, ਜਿਸ ਵਿੱਚ ਸਜਾਵਟ, ਮੰਚ, ਪ੍ਰਾਹੁਣਾਚਾਰੀ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਦੀ ਯਾਤਰਾ ਦਾ ਖਰਚ ਇਸ ਵਿੱਚ ਸ਼ਾਮਲ ਨਹੀਂ ਹੈ। ਪ੍ਰਧਾਨ ਮੰਤਰੀ ਦਫਤਰ ਉਂਜ ਵੀ ਪ੍ਰਧਾਨ ਮੰਤਰੀ ਦੀਆਂ ਘਰੇਲੂ ਯਾਤਰਾਵਾਂ ਦਾ ਰਿਕਾਰਡ ਨਹੀਂ ਰੱਖਦਾ। ਉਸ ਦੀ ਦਲੀਲ ਹੈ ਕਿ ਅਜਿਹੀਆਂ ਯਾਤਰਾਵਾਂ ਦਾ ਖਰਚ ਵੱਖ-ਵੱਖ ਸਰਕਾਰੀ ਵਿਭਾਗ/ਏਜੰਸੀਆਂ ਕਰਦੀਆਂ ਹਨ। ਹਰ ਕੋਈ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਜਦੋਂ ਕਿਤੇ ਜਾਂਦੇ ਹਨ ਤਾਂ ਉਸ ਤੋਂ ਕਈ ਦਿਨ ਪਹਿਲਾਂ ਸੁਰੱਖਿਆ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਉਹ ਜਾਂਦੇ ਵੀ ਵਿਸ਼ੇਸ਼ ਜਹਾਜ਼ ਤੇ ਹੈਲੀਕਾਪਟਰ ਵਿੱਚ ਹਨ। ਇਸ ਸਭ ਦਾ ਖਰਚ ਵੱਖਰਾ ਹੁੰਦਾ ਹੈ। ਲੋਕਾਂ ਨੂੰ ਰੁਜ਼ਗਾਰ ਮਿਲੇ ਜਾਂ ਨਾ ਮਿਲੇ, ਦੋ ਵਕਤ ਦੀ ਰੋਟੀ ਮਿਲੇ ਜਾਂ ਨਾ ਮਿਲੇ, ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਹਮੇਸ਼ਾ ਸ਼ਾਹੀ ਹੁੰਦੇ ਹਨ। ਵਾਰਾਣਸੀ ਵਿੱਚ ਰੇਲਵੇ ਦਾ ਆਮ ਮੁਲਾਜ਼ਮ ਵੀ ਹਰੀ ਝੰਡੀ ਦਿਖਾ ਕੇ ਟਰੇਨਾਂ ਨੂੰ ਰਵਾਨਾ ਕਰ ਸਕਦਾ ਸੀ, ਪਰ ਫਿਰ ਉਹ ਟਰੇਨਾਂ ਪ੍ਰਧਾਨ ਮੰਤਰੀ ਦੇ ਖਾਤੇ ਨਹੀਂ ਪੈਣੀਆਂ ਸਨ। ਗੋਦੀ ਮੀਡੀਆ ਨੇ ਇਹ ਖਬਰ ਨਹੀਂ ਚਲਾਉਣੀ ਸੀ ਕਿ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਸੌਗਾਤ ਦਿੱਤੀ ਹੈ। ਇਸ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਕਿ ਟੈਕਸਦਾਤਿਆਂ ਦੇ ਕਰੋੜਾਂ ਰੁਪਏ ਪ੍ਰਧਾਨ ਮੰਤਰੀ ਦੀ ਬਹਿਜਾ-ਬਹਿਜਾ ਕਰਾਉਣ ਲਈ ਖਰਚ ਦਿੱਤੇ ਗਏ।



