ਨਵਜੋਤ ਕੌਰ ਸਿੱਧੂ ਨੂੰ ਚੰਗੇ ਮੈਂਟਲ ਹਸਪਤਾਲ ’ਚ ਦਾਖਲ ਕਰਾਉਣ ਦੀ ਸਲਾਹ

0
17

ਬੇਂਗਲੁਰੂ : ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਸੋਮਵਾਰ ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੂੰ ਉਨ੍ਹਾ ਦੇ ‘ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ’ ਵਾਲੇ ਬਿਆਨ ’ਤੇ ਸਲਾਹ ਦਿੱਤੀ ਕਿ ਉਨ੍ਹਾ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਵੇ, ਕਿਸੇ ਚੰਗੇ ਮਾਨਸਿਕ ਹਸਪਤਾਲ ਵਿੱਚ।ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ, “ਜੋ 500 ਕਰੋੜ ਰੁਪਏ ਵਾਲਾ ਸੂਟਕੇਸ ਦਿੰਦਾ ਹੈ, ਉਹੀ ਮੁੱਖ ਮੰਤਰੀ ਬਣਦਾ ਹੈ।” ਨਵਜੋਤ ਕੌਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾ ਦੇ ਪਤੀ ਨਵਜੋਤ ਸਿੰਘ ਸਿੱਧੂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਹੀ ਸਰਗਰਮ ਸਿਆਸਤ ਵਿੱਚ ਵਾਪਸ ਆਉਣਗੇ ਜੇ ਕਾਂਗਰਸ ਉਨ੍ਹਾ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨ ਕਰਦੀ ਹੈ। ਉਨ੍ਹਾ ਅੱਗੇ ਕਿਹਾ ਕਿ ਉਨ੍ਹਾ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸਾ ਨਹੀਂ ਹੈ, ਪਰ ਉਹ ਪੰਜਾਬ ਨੂੰ ‘ਸੁਨਹਿਰਾ ਸੂਬਾ’ ਬਣਾ ਸਕਦੇ ਹਨ। ਆਪਣੇ ਉਪਰੋਕਤ ਬਿਆਨ ਤੋਂ ਬਾਅਦ ਨਵਜੋਤ ਕੌਰ ਨੇ ਐਤਵਾਰ ਸ਼ਾਮ ਨੂੰ ਐਕਸ ’ਤੇ ਪੋਸਟ ਕਰਦੇ ਹੋਏ ਲਿਖਿਆ, “ਮੈਨੂੰ ਇਹ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਮੇਰੀ ਸਿੱਧੀ ਗੱਲ ਨੂੰ ਕਿਵੇਂ ਮੋੜ ਦਿੱਤਾ ਗਿਆ। ਸਾਡੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ। ਜਦੋਂ ਪੁੱਛਿਆ ਗਿਆ ਕਿ ਕੀ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਹਨ, ਤਾਂ ਮੈਂ ਸਿਰਫ ਇੰਨਾ ਹੀ ਕਿਹਾ ਕਿ ਸਾਡੇ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਦੇਣ ਨੂੰ ਕੋਈ ਪੈਸਾ ਨਹੀਂ ਹੈ।’’