‘ਆਪ’ ਨੂੰ ਮਿਲ ਰਿਹੈ ਮਜ਼ਬੂਤ ਜਨ-ਸਮਰਥਨ : ਧਾਲੀਵਾਲ

0
21

ਅੰਮਿ੍ਰਤਸਰ : ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਪੌਣੇ ਚਾਰ ਸਾਲਾਂ ਵਿੱਚ ਜੋ ਇਤਿਹਾਸਕ ਵਿਕਾਸ ਕਾਰਜ ਕੀਤੇ ਹਨ, ਉਨ੍ਹਾਂ ਦਾ ਸਪੱਸ਼ਟ ਸਕਾਰਾਤਮਕ ਅਸਰ ਹੁਣ ਇਨ੍ਹਾਂ ਸਥਾਨਕ ਚੋਣਾਂ ਵਿੱਚ ਦਿਖਾਈ ਦੇ ਰਿਹਾ ਹੈ।ਧਾਲੀਵਾਲ ਨੇ ਕਿਹਾ ਕਿ ਮਾਰਚ ਵਿੱਚ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪੰਜਾਬ ਦੇ ਪਿੰਡਾਂ ਵਿੱਚ ਬੇਮਿਸਾਲ ਤਬਦੀਲੀ ਲਿਆਂਦੀ ਹੈ। ਲੱਗਭੱਗ 6000 ਪਿੰਡਾਂ ਵਿੱਚ ਇਸ ਮੁਹਿੰਮ ਦਾ ਅਸਰ ਦਿਖਿਆ ਹੈ, ਜਿਨ੍ਹਾਂ ਵਿੱਚੋਂ 50 ਫੀਸਦੀ ਤੋਂ ਵੱਧ ਪਿੰਡ ਨਸ਼ਾ ਮੁਕਤ ਐਲਾਨੇ ਜਾ ਚੁੱਕੇ ਹਨ। 1000 ਪਿੰਡ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਇਹ ਇੱਕ ਲੰਮੀ ਲੜਾਈ ਹੈ, ਪਰ ਮਾਨ ਸਰਕਾਰ ਨੇ ਨਸ਼ੇ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਹੈ।ਉਨ੍ਹਾ ਦੱਸਿਆ ਕਿ ਨਸ਼ਿਆਂ ’ਤੇ ਕਾਬੂ ਪਾਉਣ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਮਾਨ ਸਰਕਾਰ ਨੇ ਸੂਬੇ ਦੇ ਪਿੰਡਾਂ ਵਿੱਚ 3100 ਸਟੇਡੀਅਮ ਬਣਾਉਣ ਦੀ ਪਹਿਲ ਕੀਤੀ ਹੈ। ਹਰ ਹਲਕੇ ਵਿੱਚ 30 ਤੋਂ 35 ਸਟੇਡੀਅਮ ਬਣ ਰਹੇ ਹਨ, ਤਾਂ ਜੋ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋਣ।
ਧਾਲੀਵਾਲ ਨੇ ਕਿਹਾ ਕਿ ‘ਆਪ’ ਵਿਕਾਸ ਦੇ ਮੁੱਦਿਆਂ ’ਤੇ ਚੋਣ ਲੜ ਰਹੀ ਹੈ ਅਤੇ 14 ਤਰੀਕ ਨੂੰ ਲੋਕ ਵੱਡੇ ਪੱਧਰ ’ਤੇ ਵਿਕਾਸ ਦੇ ਹੱਕ ਵਿੱਚ ਵੋਟ ਪਾ ਕੇ ਵੱਡੀ ਜਿੱਤ ਦਿਵਾਉਣਗੇ।