ਚੰਡੀਗੜ੍ਹ : ਉਡਾਣਾਂ ਰੱਦ ਹੋਣ, ਦੇਰੀ, ਸਟਾਫ ਦੀ ਘਾਟ ਅਤੇ ਹਫੜਾ-ਦਫੜੀ ਦਰਮਿਆਨ ਤਜਰਬੇਕਾਰ ਵਿਅੰਗਕਾਰ ਜਸਪਾਲ ਭੱਟੀ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਦਰਪੇਸ਼ ਸੰਕਟ ਦਰਮਿਆਨ ਜਸਪਾਲ ਭੱਟੀ ਵੱਲੋਂ ਕੀਤਾ ਪੁਰਾਣਾ ਵਿਅੰਗ ਮੁੜ ਪ੍ਰਸੰਗਕ ਹੋ ਗਿਆ ਹੈ। ਇਹ ਵੀਡੀਓ 90ਵਿਆਂ ਦੇ ਦਹਾਕੇ ਵਿੱਚ ਪ੍ਰਸਾਰਤ ਉਨ੍ਹਾ ਦੇ ਮਸ਼ਹੂਰ ਸੀਰੀਅਲ ‘ਫੁੱਲ ਟੈਂਸ਼ਨ’ ਦਾ ਹੈ। ਲੋਕ ਮਜ਼ਾਕ ਵਿੱਚ ਪੁੱਛ ਰਹੇ ਹਨ, ‘‘ਕੀ ਜਸਪਾਲ ਭੱਟੀ ਨੇ 30 ਸਾਲ ਪਹਿਲਾਂ ਇੰਡੀਗੋ ਦੇ 2025 ਦੇ ਸੰਕਟ ਦੀ ਭਵਿੱਖਬਾਣੀ ਕੀਤੀ ਸੀ?’’ ਵੀਡੀਓ ਵਿੱਚ ਭੱਟੀ ਇੱਕ ਏਅਰਲਾਈਨ ਕਾਰਜਕਾਰੀ ਦੀ ਭੂਮਿਕਾ ਨਿਭਾਉਂਦੇ ਹਨ, ਜੋ ਇਹ ਦਿਖਾਉਣਾ ਚਾਹੁੰਦਾ ਹੈ ਕਿ ਹਰ ਸਥਿਤੀ ਵਿੱਚ ‘ਸਭ ਕੁਝ ਕਾਬੂ ਵਿੱਚ ਹੈ’, ਜਦੋਂ ਕਿ ਹਕੀਕਤ ਬਿਲਕੁਲ ਉਲਟ ਹੈ। ਕਰੀਬ ਪੌਣੇ ਤਿੰਨ ਮਿੰਟ ਦੇ ਇਸ ਵਿਅੰਗਮਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਭੱਟੀ ਇੱਕ ਕਾਲਪਨਿਕ ਏਅਰਲਾਈਨ ਚਲਾ ਰਹੇ ਹਨ, ਪਰ ਸਟਾਫ ਦੀ ਇੰਨੀ ਕਮੀ ਹੈ ਕਿ ਉਹ ਯਾਤਰੀਆਂ ਦੀ ਅਗਵਾਈ ਖੁਦ ਕਰਦੇ ਹਨ, ਟਿਕਟ ਕਾਊਂਟਰ ’ਤੇ ਖੁਦ ਬੈਠਦੇ ਹਨ, ਸਾਮਾਨ ਦੀ ਖੁਦ ਜਾਂਚ ਕਰਦੇ ਹਨ, ਸ਼ਿਕਾਇਤ ਲੈਣ ਵਾਲੇ ਅਧਿਕਾਰੀ ਵੀ ਉਹ ਖੁਦ ਹੁੰਦੇ ਹਨ।
ਯਾਤਰੀ ਅਕਸਰ ਹਰੇਕ ਕਾਊਂਟਰ ’ਤੇ ਇੱਕੋ ਵਿਅਕਤੀ ਤੋਂ ਨਿਰਾਸ਼ ਹੁੰਦੇ ਹਨ, ਪਰ ਭੱਟੀ ਉਨ੍ਹਾਂ ਨੂੰ ਸ਼ਾਂਤੀ ਨਾਲ ਭਰੋਸਾ ਦਿਵਾਉਂਦੇ ਹਨ ਕਿ ‘ਸਭ ਕੁਝ ਬਿਲਕੁਲ ਆਮ ਹੈ।’ ਵੀਡੀਓ ਦਾ ਮੂਲ ਸੁਨੇਹਾ ਇਹ ਸੀ ਕਿ ਕਿਵੇਂ ਸਟਾਫ ਦੀ ਘਾਟ ਪੂਰੇ ਸਿਸਟਮ ਨੂੰ ਗੜਬੜ ਵਿੱਚ ਪਾ ਸਕਦੀ ਹੈ ਅਤੇ ਇਹ ਇੰਡੀਗੋ ਦੀ ਮੌਜੂਦਾ ਸਥਿਤੀ ਨਾਲ ਚੰਗੀ ਤਰ੍ਹਾਂ ਮੇਲ ਖਾਂਦਾ ਜਾਪਦਾ ਹੈ।
ਬਹੁਤ ਸਾਰੇ ਯੂਜ਼ਰਜ਼ ਨੇ ਲਿਖਿਆ, ‘‘ਭੱਟੀ ਦੀਆਂ ਵਿਅੰਗਮਈ ਲਿਖਤਾਂ ਇੰਨੀਆਂ ਸਹੀ ਕਿਵੇਂ ਹੋ ਸਕਦੀਆਂ ਹਨ? ਉਹ 2025 ਦੀ ਅਸਲੀਅਤ ਨੂੰ ਦਰਸਾਉਂਦੇ ਹਨ!’’ ਇੱਕ ਹੋਰ ਟਿੱਪਣੀ ਵਿੱਚ ਲਿਖਿਆ ਗਿਆ, ‘‘ਜੇ ਸਰਕਾਰ ਅਤੇ ਏਅਰਲਾਈਨਾਂ ਭੱਟੀ ਦੇ ਐਪੀਸੋਡ ਦੇਖ ਕੇ ਚਲਦੀਆਂ ਤਾਂ ਸ਼ਾਇਦ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ।’’





