ਦੁਨੀਆ ਦੀਆਂ ਬਹੁਤੀਆਂ ਪ੍ਰਾਚੀਨ ਸੱਭਿਆਤਾਵਾਂ ਮਾਤਰੀ ਪ੍ਰਧਾਨ ਸੱਭਿਆਤਾਵਾਂ ਰਹੀਆਂ ਹਨ, ਕਿਉਕਿ ਦਰੱਖਤ-ਪੌਦੇ, ਫੁੱਲ-ਫਲ ਤੇ ਫਸਲ ਦੇ ਉਤਪਾਦਕ ਦੇ ਰੂਪ ਵਿੱਚ ਧਰਤੀ ’ਤੇ ਬੱਚਿਆਂ ਨੂੰ ਪੈਦਾ ਕਰਨ ਦੇ ਰੂਪ ਵਿੱਚ ਮਾਂ, ਦੋ ਹੀ ਉਤਪਾਦਕ ਦੇ ਰੂਪ ਵਿੱਚ ਸਾਹਮਣੇ ਆਏ। ਇਨ੍ਹਾਂ ਦੋ ਦੇ ਉਤਪਾਦਨ ਨਾਲ ਸਿ੍ਰਸ਼ਟੀ ਅੱਗੇ ਵਧੀ। ਧਰਤੀ ਮਾਂ ਤੇ ਜੈਵਿਕ ਮਾਂ ਦੋਹਾਂ ਪ੍ਰਤੀ ਪ੍ਰੇਮ ਤੇ ਆਦਰ ਮਨੁੱਖ ਦਾ ਸਹਿਜ-ਸੁਭਾਵਕ ਭਾਵ ਸੀ ਤੇ ਹੈ ਵੀ। ਆਦਿਵਾਸੀ ਤੇ ਕਿਸਾਨ ਅੱਜ ਵੀ ਧਰਤੀ ਦੀ ਪੂਜਾ ਕਰਦੇ ਹਨ। ਇਹ ਪ੍ਰਾਣੀ ਦਾ ਮਾਂ ਪ੍ਰਤੀ ਸਹਿਜ-ਸੁਭਾਵਕ ਜੈਵਿਕ ਤੇ ਸਮਾਜੀ ਲਗਾਅ ਤੇ ਪ੍ਰੇਮ ਹੁੰਦਾ ਹੈ। ਇੱਕ ਨਿਸਚਿਤ ਭੂਗੋਲਿਕ ਖੇਤਰ ਦੇ ਆਧਾਰ ’ਤੇ ਦੇਸ਼ਾਂ ਦੀ ਵੰਡ ਦੇ ਬਾਅਦ ਲੋਕ ਆਪਣੇ ਦੇਸ਼ ਨੂੰ ਮਾਤ-ਭੂਮੀ ਜਾਂ ਪਿਤਰ-ਭੂਮੀ ਦੇ ਰੂਪ ਵਿੱਚ ਦੇਖਣ ਤੇ ਪ੍ਰੇਮ ਕਰਨ ਲੱਗੇ। ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਲਈ ਲੋਕਾਂ ਨੇ ਆਪਣੀ ਮਾਤ-ਭੂਮੀ ਤੇ ਪਿਤਰੀ-ਭੂਮੀ ਦੀ ਆਜ਼ਾਦੀ ਦਾ ਨਾਅਰਾ ਦਿੱਤਾ। ਭਾਰਤ ਵਿੱਚ ਇਹ ਨਾਅਰਾ ਵੰਦੇ ਮਾਤਰਮ ਦੇ ਰੂਪ ਵਿੱਚ ਹਰਮਨਪਿਆਰਾ ਹੋਇਆ। ਕੀ ਹਿੰਦੂ, ਕੀ ਮੁਸਲਮਾਨ, ਕੀ ਈਸਾਈ, ਕੀ ਸਿੱਖ ਸਾਰਿਆਂ ਨੇ ਮਾਤ-ਭੂਮੀ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ। ਵੰਦੇ ਮਾਤਰਮ ਦਾ ਨਾਅਰਾ ਲਾ ਕੇ ਹੱਸਦੇ-ਹੱਸਦੇ ਫਾਂਸੀ ਦੇ ਫੰਦਿਆਂ ’ਤੇ ਝੂਲ ਗਏ।
ਅੱਜ ਉਹ ਸੰਘੀ ਤੇ ਉਨ੍ਹਾਂ ਦੇ ਚੇਲੇ ਭਾਜਪਾਈ ਵੰਦੇ ਮਾਤਰਮ ਤੇ ਮਾਤ-ਭੂਮੀ ’ਤੇ ਦਾਅਵਾ ਕਰ ਰਹੇ ਹਨ, ਜਿਨ੍ਹਾਂ ਮਾਤ-ਭੂਮੀ ਦੀ ਅੰਗਰੇਜ਼ਾਂ ਤੋਂ ਮੁਕਤੀ ਦੇ ਸੰਘਰਸ਼ ਵਿੱਚ ਕਦੇ ਹਿੱਸਾ ਹੀ ਨਹੀਂ ਲਿਆ। ਲੈ-ਦੇ ਕੇ ਇੱਕ ਵਿਅਕਤੀ ਸਾਵਰਕਰ ਨੇ ਹਿੱਸਾ ਵੀ ਲਿਆ ਤਾਂ ਮਾਤ-ਭੂਮੀ ਲਈ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਰਨ ਨੂੰ ਆਪਣੀ ਭੁੱਲ ਮੰਨ ਕੇ ਮੁਆਫੀ ਮੰਗ ਲਈ ਅਤੇ ਪੈਨਸ਼ਨ ਲੈ ਲਈ। ਉਸ ਦੇ ਬਾਅਦ ਉਹ ਭਾਰਤੀ ਮਾਤ-ਭੂਮੀ ਦੀਆਂ ਔਲਾਦਾਂ (ਹਿੰਦੂ-ਮੁਸਲਮਾਨ) ਵਿਚਾਲੇ ਨਫਰਤ ਫੈਲਾਉਣ ਦੇ ਕਾਰੋਬਾਰ ਦੀ ਬਿ੍ਰਟਿਸ਼ ਸਾਜ਼ਿਸ਼ ਦਾ ਹਿੱਸਾ ਬਣ ਗਏ। ਇਨ੍ਹਾਂ ਸਾਵਰਕਰਵਾਦੀਆਂ-ਸੰਘੀਆਂ ਨੇ ਮਾਤ-ਭੂਮੀ ਦੇ ਟੁਕੜੇ ਕਰਨ ਦੀ ਸਭ ਤੋਂ ਪਹਿਲਾਂ ਵਕਾਲਤ ਕੀਤੀ। ਦੋ ਰਾਸ਼ਟਰ ਦਾ ਸਿਧਾਂਤ ਪੇਸ਼ ਕੀਤਾ, ਜਿਸ ਨੂੰ ਬਾਅਦ ਵਿੱਚ ਮੁਸਲਿਮ ਲੀਗ ਤੇ ਜਿਨਾਹ ਨੇ ਲਪਕ ਲਿਆ। ਭਾਰਤ ਤੇ ਪਾਕਿਸਤਾਨ ਬਣਾਉਣ ਲਈ ਵੰਦੇ ਮਾਤਰਮ ਦੇ ਨਾਅਰੇ ਦੀ ਵਰਤੋਂ ਕੀਤੀ ਗਈ। ਸੱਚ ਤਾਂ ਇਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਵੰਦੇ ਮਾਤਰਮ ਦੀ ਵਰਤੋਂ ਦੇਸ਼ ਵੰਡਣ ਲਈ ਕੀਤੀ। ਆਜ਼ਾਦੀ ਦੇ ਬਾਅਦ ਵੀ ਭਾਰਤੀ ਮੁਸਲਮਾਨਾਂ ਤੇ ਈਸਾਈਆਂ ਖਿਲਾਫ ਜ਼ਹਿਰ ਉਗਲਣ ਵਿੱਚ ਲੱਗੇ ਰਹੇ, ਦੇਸ਼ ਦੇ ਲੋਕਾਂ ਨੂੰ ਵੰਡਣ ਵਿੱਚ ਹੀ ਲੱਗੇ ਰਹੇ। ਵੰਦੇ ਮਾਤਰਮ ਵਰਗੇ ਡੂੰਘੇ ਦੇਸ਼-ਪ੍ਰੇਮ ਦੇ ਨਾਅਰੇ ਨੂੰ ਨਫਰਤ ਵਿੱਚ ਬਦਲ ਕੇ ਦੇਸ਼ ਵਿੱਚ ਦੰਗੇ ਫੈਲਾਉਣ, ਮੁਸਲਮਾਨਾਂ ਦੀ ਲਿੰਚਿੰਗ ਕਰਨ ਅਤੇ ਇੱਥੋਂ ਤੱਕ ਕਿ ਇਸ ਨਾਅਰੇ ਨੂੰ ਨਾ ਲਾਉਣ ਵਾਲਿਆਂ ਦੇ ਮੂੰਹ ਵਿੱਚ ਪੇਸ਼ਾਬ ਕਰਨ ਤੱਕ ਵਧਾ ਦਿੱਤਾ। ਜਿਹੜਾ ਨਾਅਰਾ ਕਦੇ ਮਾਤ-ਭੂਮੀ ਤੇ ਦੇਸ਼-ਪ੍ਰੇਮ ਦੇ ਚਲਦਿਆਂ ਸਹਿਜ-ਸੁਭਾਵਕ ਲੋਕਾਂ ਦੀ ਜ਼ੁਬਾਨ ’ਤੇ ਆਇਆ ਸੀ, ਉਸ ਨੂੰ ਜ਼ੋਰ-ਜ਼ਬਰਦਸਤੀ ਕਰਨ ਦਾ ਨਾਅਰਾ ਬਣਾ ਦਿੱਤਾ। ਲੋਕਾਂ ਨੂੰ ਵੰਡ ਕੇ ਇਸ ਨਾਅਰੇ ਦੀ ਵਰਤੋਂ ਸਿਆਸੀ ਸੱਤਾ ’ਤੇ ਕਬਜ਼ਾ ਕਰਨ ਲਈ ਕੀਤੀ। ਦੇਸ਼ ਨੂੰ ਨਫਰਤ ਦੀ ਅੱਗ ਵਿੱਚ ਝੋਕ ਕੇ ਲੋਕਾਂ ਦਾ ਧਿਆਨ ਭਟਕਾ-ਕੇ ਅਡਾਨੀ-ਅੰਬਾਨੀ ਤੇ ਹੋਰ ਧੰਦੇਬਾਜ਼ ਕਾਰੋਬਾਰੀਆਂ ਨੂੰ ਦੇਸ਼ ਦੇ ਜਨਤਕ ਧਨ (ਬੈਂਕ-ਐੱਲ ਆਈ ਸੀ-ਬੱਜਟ ਆਦਿ) ਨੂੰ ਹੜੱਪਣ ਦੀ ਖੁੱਲ੍ਹੀ ਛੋਟ ਦੇ ਦਿੱਤੀ। ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਲੁੱਟਣ ਦੀ ਖੁੱਲ੍ਹੀ ਛੋਟ ਦੇ ਦਿੱਤੀ। ਇਸ ਧੰਦੇ ਵਿੱਚ ਨਾ ਸਿਰਫ ਕਾਰਪੋਰੇਟ-ਪੂੰਜੀਪਤੀ ਤੇ ਕਾਰੋਬਾਰੀ ਮਾਲਾ-ਮਾਲ ਹੋਏ, ਸਗੋਂ ਵੰਦੇ ਮਾਤਰਮ ’ਤੇ ਅੱਜ ਦਾਅਵਾ ਠੋਕਣ ਵਾਲੇ ਸੰਘੀ ਤੇ ਭਾਜਪਾਈ ਵੀ ਮਾਲਾ-ਮਾਲ ਹੋਏ। ਇਨ੍ਹਾਂ ਲੁਟੇਰੇ ਕਾਰਪੋਰੇਟ ਘਰਾਣਿਆਂ ਤੇ ਕਾਰੋਬਾਰੀਆਂ ਨੇ ਬਦਲੇ ਵਿੱਚ ਇਨ੍ਹਾਂ ਨੂੰ ਕਾਫੀ ਚੰਦਾ ਦਿੱਤਾ ਤਾਂ ਜੋ ਉਹ ਵੋਟਰ ਖਰੀਦ ਸਕਣ, ਚੋਣ ਮਸ਼ੀਨਰੀ ਖਰੀਦ ਸਕਣ, ਵਿਧਾਇਕ-ਸਾਂਸਦ ਖਰੀਦ ਸਕਣ ਤੇ ਇੱਥੋਂ ਤੱਕ ਕਿ ਪੂਰੀ ਸਰਕਾਰ ਖਰੀਦ ਸਕਣ। ਇਨ੍ਹਾਂ ਚੰਦਿਆਂ ਨਾਲ ਸੰਘ ਤੇ ਭਾਜਪਾ ਨੇ ਦੇਸ਼-ਭਰ ਵਿੱਚ ਆਲੀਸ਼ਾਨ ਪਾਰਟੀ ਦਫਤਰ ਬਣਾ ਲਏ ਹਨ।
ਵੰਦੇ ਮਾਤਰਮ, ਜਿਸ ’ਤੇ ਸੰਸਦ ਵਿੱਚ ਬਹਿਸ ਕਰਵਾਈ ਗਈ ਹੈ, ਨਾਲ ਸੰਘੀਆਂ ਤੇ ਭਾਜਪਾਈਆਂ ਦਾ ਕਦੇ ਕੋਈ ਸਰੋਕਾਰ ਨਹੀਂ ਰਿਹਾ। ਜਦੋਂ ਲੋਕ ਇਸ ਨਾਅਰੇ ਨਾਲ ਮਰ-ਮਿਟ ਰਹੇ ਸਨ, ਇਹ ਲੋਕ ਨਮਸਤੇ ਸਦਾ ਵਤਸਲੇ ਗਾਉਦੇ ਰਹੇ ਅਤੇ ਖੁਦ ਨੂੰ ਲੁਕੋਈ ਰੱਖਿਆ। ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਤੇ ਕੁਰਬਾਨੀ ਤੋਂ ਬਚਦੇ ਰਹੇ। ਅੱਜ ਇਨ੍ਹਾਂ ਲਈ ਵੰਦੇ ਮਾਤਰਮ ਦਾ ਨਾਅਰਾ ਦੰਗੇ, ਧੰਦੇ ਤੇ ਚੰਦੇ ਦਾ ਨਾਅਰਾ ਬਣ ਗਿਆ ਹੈ ਅਤੇ ਆਪਣੇ ਧੰਦੇ ਤੇ ਚੰਦੇ ਲਈ ਇਸ ਨਾਅਰੇ ਨੂੰ ਆਪਣਾ ਨਾਅਰਾ ਕਹਿ ਕੇ ਉਛਾਲ ਰਹੇ ਹਨ।



