ਕੈਨਬਰਾ : ਆਸਟਰੇਲੀਆ ਦੇ ਕੁਈਨਜ਼ਲੈਂਡ ਵਿੱਚ ਕੈਰਨਜ਼ ਦੀ ਸੁਪਰੀਮ ਕੋਰਟ ਨੇ ਸਾਬਕਾ ਨਰਸ 41 ਸਾਲਾ ਰਾਜਵਿੰਦਰ ਸਿੰਘ ਨੂੰ 2018 ਨੂੰ ਇੱਕ ਬੀਚ ਵਿਖੇ 24 ਸਾਲਾ ਮੁਟਿਆਰ ਟੋਯਾਹ ਕੋਰਡਿੰਗਲੀ ਦੇ ਕਤਲ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ ਸੀ ਕਿ ਰਾਜਵਿੰਦਰ ਸਿੰਘ ਨੇ 21 ਅਕਤੂਬਰ 2018 ਨੂੰ ਕੋਰਡਿੰਗਲੀ ਦਾ ਉਦੋਂ ਕਤਲ ਕਰ ਦਿੱਤਾ ਸੀ, ਜਦੋਂ ਉਹ ਕੈਰਨਜ਼ ਦੇ ਉੱਤਰ ਵਿੱਚ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ। ਕੋਰਡਿੰਗਲੀ ਪੋਰਟ ਡਗਲਸ ਵਿੱਚ ਇੱਕ ਸਿਹਤ, ਭੋਜਨ ਅਤੇ ਫਾਰਮੇਸੀ ਸਟੋਰ ਵਿੱਚ ਕੰਮ ਕਰਦੀ ਸੀ ਅਤੇ ਜਾਨਵਰਾਂ ਦੀ ਪਨਾਹਗਾਹ ਵਿੱਚ ਵਲੰਟੀਅਰ ਵੀ ਸੀ। ਰਾਜਵਿੰਦਰ ਸਿੰਘ ਕਤਲ ਤੋਂ ਬਾਅਦ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਨੂੰ ਆਸਟਰੇਲੀਆ ਵਿੱਚ ਛੱਡ ਕੇ ਭਾਰਤ ਚਲਾ ਗਿਆ ਸੀ। ਕੋਰਟ ਨੇ ਕਿਹਾ, ‘ਤੁਸੀਂ ਆਪਣੀ ਪਤਨੀ, ਮਾਪਿਆਂ ਤੇ ਬੱਚਿਆਂ ਨੂੰ ਸਹੀ ਢੰਗ ਨਾਲ ਅਲਵਿਦਾ ਕਹੇ ਬਿਨਾਂ ਹੀ ਚਲੇ ਗਏ, ਇਹ ਦਰਸਾਉਂਦਾ ਹੈ ਕਿ ਤੁਹਾਡੀ ਇਕੋ ਚਿੰਤਾ ਸਿਰਫ ਆਪਣੀ ਜਾਨ ਬਚਾਉਣਾ ਸੀ, ਭਾਵੇਂ ਤੁਹਾਡੇ ਪਰਵਾਰ ਲਈ ਇਸ ਦੇ ਨਤੀਜੇ ਕੁਝ ਵੀ ਹੋਣ।’ ਕੁਈਨਜ਼ਲੈਂਡ ਪੁਲਸ ਵੱਲੋਂ 10 ਲੱਖ ਆਸਟਰੇਲੀਆਈ ਡਾਲਰ ਦੇ ਇਨਾਮ ਦਾ ਐਲਾਨ ਕਰਨ ਤੋਂ ਦੋ ਸਾਲ ਬਾਅਦ ਉਸ ਨੂੰ ਭਾਰਤ ਤੋਂ ਲਿਆਂਦਾ ਗਿਆ ਸੀ।




