ਬਾਰਾਬੰਕੀ (ਯੂ ਪੀ) : ਇੱਕ ਗੈਰ-ਕਾਨੂੰਨੀ ਕਲੀਨਿਕ ਦੇ ਮਾਲਕ ਅਤੇ ਉਸ ਦੇ ਭਤੀਜੇ ਵੱਲੋਂ ਕਥਿਤ ਤੌਰ ’ਤੇ ਯੂਟਿਊਬ ਵੀਡੀਓ ਦੇਖ ਕੇ ਕੀਤੀ ਸਰਜਰੀ ਨਾਲ ਔਰਤ ਦੀ ਮੌਤ ਹੋ ਗਈ। ਇਹ ਘਟਨਾ ਕੋਠੀ ਪੁਲਸ ਸਟੇਸ਼ਨ ਖੇਤਰ ਵਿੱਚ ਵਾਪਰੀ। ਪੁਲਸ ਅਨੁਸਾਰ ਤੇਜ ਬਹਾਦੁਰ ਰਾਵਤ ਪਤਨੀ ਮੁਨੀਸ਼ਰਾ ਰਾਵਤ ਨੂੰ ਦਰਦ ਦੇ ਇਲਾਜ ਲਈ 5 ਦਸੰਬਰ ਨੂੰ ਸ੍ਰੀ ਦਾਮੋਦਰ ਔਸ਼ਧਾਲਿਆ ਲੈ ਕੇ ਗਿਆ, ਜਿੱਥੇ ਕਲੀਨਿਕ ਸੰਚਾਲਕ ਗਿਆਨ ਪ੍ਰਕਾਸ਼ ਮਿਸ਼ਰਾ ਨੇ ਦਰਦ ਦਾ ਕਾਰਨ ਪੱਥਰੀ ਦੱਸਦਿਆਂ ਸਰਜਰੀ ਦੀ ਸਲਾਹ ਦਿੱਤੀ। ਖਰਚਾ 25,000 ਰੁਪਏ ਦੱਸਿਆ ਤੇ ਸਰਜਰੀ ਤੋਂ ਪਹਿਲਾਂ 20,000 ਰੁਪਏ ਜਮ੍ਹਾਂ ਕਰਵਾ ਲਏ। ਤੇਜ ਬਹਾਦੁਰ ਨੇ ਦੋਸ਼ ਲਾਇਆ ਕਿ ਮਿਸ਼ਰਾ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਮਿਸ਼ਰਾ ਨੇ ਨਸ਼ੇ ਦੀ ਹਾਲਤ ਵਿੱਚ ਪਤਨੀ ਦੇ ਪੇਟ ’ਤੇ ਇੱਕ ਡੂੰਘਾ ਕੱਟ ਲਗਾਇਆ, ਜਿਸ ਨਾਲ ਕਈ ਨਾੜੀਆਂ ਕੱਟੀਆਂ ਗਈਆਂ, ਜਿਸ ਤੋਂ ਬਾਅਦ ਅਗਲੀ ਸ਼ਾਮ 6 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਇਸ ਪ੍ਰਕਿਰਿਆ ਦੌਰਾਨ ਮਿਸ਼ਰਾ ਦੇ ਭਤੀਜੇ ਨੇ ਉਸ ਦੀ ਮਦਦ ਕੀਤੀ ਸੀ। ਪੁਲਸ ਕੇਸ ਦਰਜ ਕਰਕੇ ਦੋਹਾਂ ਨੂੰ ਲੱਭ ਰਹੀ ਹੈ। ਪੁਲਸ ਨੇ ਦੱਸਿਆ ਕਿ ਭਤੀਜਾ ਵਿਵੇਕ ਕੁਮਾਰ ਮਿਸ਼ਰਾ ਰਾਏਬਰੇਲੀ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ ਨੌਕਰੀ ਕਰਦਾ ਹੈ ਅਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਕਲੀਨਿਕ ਕਈ ਸਾਲਾਂ ਤੋਂ ਉਸ ਦੀ ਸਰਕਾਰੀ ਨੌਕਰੀ ਦੀ ਆੜ ਹੇਠ ਚਲਾਇਆ ਜਾ ਰਿਹਾ ਸੀ।




