ਇਸਲਾਮਾਬਾਦ : ਅਮਰੀਕਾ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਲਈ 68 ਕਰੋੜ 60 ਲੱਖ ਅਮਰੀਕੀ ਡਾਲਰ ਦੀ ਅਡਵਾਂਸਡ ਤਕਨਾਲੋਜੀ ਤੇ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂ ਐੱਸ ਡਿਫੈਂਸ ਸਕਿਓਰਿਟੀ ਕੋਆਪ੍ਰੇਸ਼ਨ ਏਜੰਸੀ ਕਾਂਗਰਸ ਨੂੰ ਭੇਜੇ ਇੱਕ ਪੱਤਰ ਵਿੱਚ ਇਹ ਮਨਜ਼ੂਰੀ ਦਿੱਤੀ। ਇਸ ਪੈਕੇਜ ਵਿੱਚ ਲਿੰਕ16 ਸਿਸਟਮ, ਕਿ੍ਰਪਟੋਗ੍ਰਾਫਿਕ ਉਪਕਰਣ, ਐਵੀਓਨਿਕਸ ਅੱਪਡੇਟ, ਸਿਖਲਾਈ ਅਤੇ ਵਿਆਪਕ ਲੌਜਿਸਟੀਕਲ ਸਹਾਇਤਾ ਸ਼ਾਮਲ ਹਨ। ਪਾਕਿਸਤਾਨ ਨੂੰ ਇਸ ਵਿਕਰੀ ਦੇ ਕਾਰਨ ਸਪੱਸ਼ਟ ਕੀਤੇ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗੀ, ਜਿਸ ਨਾਲ ਪਾਕਿਸਤਾਨ ਨੂੰ ਚੱਲ ਰਹੇ ਅੱਤਵਾਦ ਵਿਰੋਧੀ ਯਤਨਾਂ ਅਤੇ ਭਵਿੱਖ ਦੇ ਅਚਨਚੇਤੀ ਕਾਰਜਾਂ ਦੀ ਤਿਆਰੀ ਵਿੱਚ ਅਮਰੀਕਾ ਅਤੇ ਭਾਈਵਾਲ ਫੌਜਾਂ ਨਾਲ ਆਪਸੀ ਤਾਲਮੇਲ ਬਰਕਰਾਰ ਰੱਖਣ ਦੀ ਇਜਾਜ਼ਤ ਮਿਲੇਗੀ। ਪ੍ਰਸਤਾਵਤ ਵਿਕਰੀ ਦਾ ਉਦੇਸ਼ ਪਾਕਿਸਤਾਨ ਦੇ ਐੱਫ-16 ਬੇੜੇ ਦਾ ਆਧੁਨਿਕੀਕਰਨ ਕਰਨਾ ਅਤੇ ਸੰਚਾਲਨ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਵੀ ਹੈ।




