ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ’ਚ ਦਰਜ ਪੁਲਸ ਕੇਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੀ ਕਾਰਵਾਈ ਨੂੰ ਸ੍ਰੀ ਅਕਾਲ ਤਖਤ ਨੂੰ ਸਿੱਧੀ ਚੁਣੌਤੀ ਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਹੈ।
ਵੀਰਵਾਰ ਇੱਥੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੀ ਕਾਰਵਾਈ ਨੂੰ ਸਿਆਸੀ ਹਿੱਤਾਂ ਨਾਲ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਇਹ ਮਾਮਲਾ ਪਾਵਨ ਸਰੂਪਾਂ ਦੀ ਬੇਅਦਬੀ ਦਾ ਨਹੀਂ, ਸਗੋਂ ਹੇਰਾਫੇਰੀ ਨਾਲ ਸੰਬੰਧਤ ਹੈ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਇੱਕ ਮੈਂਬਰੀ ਜਾਂਚ ਕਮੇਟੀ ਵੱਲੋਂ ਇਸ ਦੀ ਜਾਂਚ ਕੀਤੀ ਗਈ ਸੀ ਅਤੇ ਜਾਂਚ ਰਿਪੋਰਟ ਵਿੱਚ 16 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਉਨ੍ਹਾਂ ਦੇ ਖਿਲਾਫ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਮੁਤਾਬਕ ਕਾਰਵਾਈ ਵੀ ਕੀਤੀ ਗਈ ਸੀ।
ਉਨ੍ਹਾ ਕਿਹਾ ਕਿ ਅੰਤਿ੍ਰੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਰਕਾਰ ਦੀ ਇਸ ਕਾਰਵਾਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦਾ ਸਮੁੱਚਾ ਰਿਕਾਰਡ ਸ੍ਰੀ ਅਕਾਲ ਤਖਤ ਵਿਖੇ ਸੌਂਪਿਆ ਜਾਵੇਗਾ। ਅੱਗੋਂ ਕਾਰਵਾਈ ਸ੍ਰੀ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਹੀ ਹੋਵੇਗੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੁਲਸ ਕੇਸ ਦਰਜ ਕਰਾਉਣ ਬਾਰੇ ਵਿਚਾਰ ਕੀਤਾ ਗਿਆ ਸੀ, ਪਰ ਸਿੱਖ ਵਿਦਵਾਨਾਂ ਨੇ ਅਜਿਹੀ ਕਾਰਵਾਈ ਕਰਨ ਤੋਂ ਮਨ੍ਹਾਂ ਕੀਤਾ ਸੀ। ਸ੍ਰੀ ਅਕਾਲ ਤਖਤ ਵੱਲੋਂ ਵੀ ਇਸ ਸੰਬੰਧੀ ਕੋਈ ਆਦੇਸ਼ ਨਹੀਂ ਦਿੱਤੇ ਗਏ ਸਨ।
ਇਸ ਮਾਮਲੇ ਵਿੱਚ ਸਿੱਖ ਜਥੇਬੰਦੀ ਸਿੱਖ ਸਦਭਾਵਨਾ ਦਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੈਰੀਟੇਜ ਸਟਰੀਟ ਵਿੱਚ ਧਰਨਾ ਲਾ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਹਿਤ ਹੀ ਬੀਤੇ ਦਿਨ ਮਹਾਂ ਪੰਚਾਇਤ ਕੀਤੀ ਗਈ ਸੀ, ਜਿਸ ਵਿੱਚ ਸਰਕਾਰ ਦੇ ਪ੍ਰਤੀਨਿਧ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਇਸ ਮਾਮਲੇ ਵਿੱਚ ਪੁਲਸ ਕੇਸ ਦਰਜ ਕਰਨ ਦੀ ਹਦਾਇਤ ਕੀਤੀ। ਜਿਸ ਤੋਂ ਬਾਅਦ ਪੁਲਸ ਨੇ 16 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕੀਤਾ।



