ਸੰਸਦ ਦੀ ਮਾਨਸਿਕਤਾ ਮਹਿਲਾ ਰਾਖਵਾਂਕਰਨ ਦੇ ਅਨੁਕੂਲ ਨਹੀਂ ਜਾਪਦੀ : ਪਵਾਰ

0
359

ਪੁਣੇ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ ਸੀ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਉੱਤਰ ਭਾਰਤ ਅਤੇ ਸੰਸਦ ਦੀ ਮਾਨਸਿਕਤਾ ਲੋਕ ਸਭਾ ਜਾਂ ਵਿਧਾਨ ਸਭਾਵਾਂ ‘ਚ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਦੇ ਅਜੇ ਅਨੁਕੂਲ ਨਹੀਂ ਜਾਪਦੀ | ਸਾਬਕਾ ਕੇਂਦਰੀ ਮੰਤਰੀ ਪਵਾਰ ਨੇ ਸਨਿੱਚਰਵਾਰ ਪੁਣੇ ਡਾਕਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਇਹ ਬਿਆਨ ਦਿੱਤਾ | ਇਸ ਪ੍ਰੋਗਰਾਮ ‘ਚ ਪਵਾਰ ਅਤੇ ਉਨ੍ਹਾ ਦੀ ਧੀ ਤੇ ਲੋਕ ਸਭਾ ਮੈਂਬਰ ਸੁਪਿ੍ਯਾ ਸੂਲੇ ਦਾ ਇੰਟਰਵਿਊ ਲਿਆ ਗਿਆ ਸੀ | ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ‘ਚ ਮਹਿਲਾਵਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਕਰਨ ਦਾ ਪ੍ਰਬੰਧ ਕਰਨ ਵਾਲੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਪਵਾਰ ਨੇ ਕਿਹਾ ਕਿ ਉਹ ਸੰਸਦ ‘ਚ ਇਸ ਮੁੱਦੇ ਨੂੰ ਉਦੋਂ ਤੋਂ ਉਠਾ ਰਹੇ ਹਨ, ਜਦੋਂ ਉਹ ਲੋਕ ਸਭਾ ‘ਚ ਕਾਂਗਰਸ ਦੇ ਸੰਸਦ ਮੈਂਬਰ ਸਨ | ਇਕ ਹੋਰ ਸਵਾਲ ਦੇ ਜਵਾਬ ‘ਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ—ਸੰਸਦ, ਖਾਸ ਕਰ ਕੇ ਉੱਤਰ ਭਾਰਤ ਦੀ ਮਾਨਸਿਕਤਾ (ਇਸ ਮਾਮਲੇ ਦੇ) ਅਨੁਕੂਲ ਨਹੀਂ ਹੈ | ਮੈਨੂੰ ਯਾਦ ਹੈ ਕਿ ਜਦੋਂ ਮੈਂ ਕਾਂਗਰਸ ‘ਚ ਲੋਕ ਸਭਾ ਦਾ ਮੈਂਬਰ ਸੀ ਤਾਂ ਵੀ ਮੈਂ ਸੰਸਦ ‘ਚ ਮਹਿਲਾ ਰਾਖਵਾਂਕਰਨ ਦੇ ਮੁੱਦੇ ‘ਤੇ ਗੱਲ ਕਰਦਾ ਸੀ | ਇਕ ਵਾਰ ਮੇਰਾ ਭਾਸ਼ਣ ਪੂਰਾ ਹੋਣ ਤੋਂ ਬਾਅਦ ਮੈਂ ਮੁੜਿਆ ਅਤੇ ਮੈਂ ਦੇਖਿਆ ਕਿ ਮੇਰੀ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰ ਉਠੇ ਅਤੇ ਉੱਥੋਂ ਚਲੇ ਗਏ | ਇਸ ਦਾ ਮਤਲਬ ਹੈ ਕਿ ਮੇਰੀ ਪਾਰਟੀ ਦੇ ਲੋਕ ਵੀ ਇਸ ਨੂੰ ਹਜ਼ਮ ਨਹੀਂ ਕਰ ਸਕੇ ਸਨ |
ਉਨ੍ਹਾ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਸ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਉਨ੍ਹਾ ਕਿਹਾ—ਜਦੋਂ ਮੈਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਸੀ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਰਗੀਆਂ ਸਥਾਨਕ ਸਰਕਾਰਾਂ ‘ਚ ਮਹਿਲਾਵਾਂ ਲਈ ਰਾਖਵਾਂਕਰਨ ਦੀ ਸ਼ੁਰੂਆਤ ਕੀਤੀ ਗਈ ਸੀ | ਸ਼ੁਰੂ ‘ਚ ਇਸ ਦਾ ਵਿਰੋਧ ਹੋਇਆ, ਪਰ ਬਾਅਦ ‘ਚ ਲੋਕਾਂ ਨੇ ਇਸ ਨੂੰ ਸਵੀਕਾਰ ਕਰ ਲਿਆ |

LEAVE A REPLY

Please enter your comment!
Please enter your name here