ਰੋਡਵੇਜ਼ ਤੇ ਸਕੂਲ ਬੱਸ ਦੀ ਟੱਕਰ ’ਚ ਇੱਕ ਵਿਦਿਆਰਥਣ ਦੀ ਮੌਤ, 18 ਜ਼ਖ਼ਮੀ

0
13

ਚਰਖੀ ਦਾਦਰੀ : ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਦਾਦਰੀ-ਬਿਰੋਹੜ ਰੋਡ ’ਤੇ ਪਿੰਡ ਭਾਗਵੀ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਤੇ ਇਕ ਨਿੱਜੀ ਸਕੂਲ ਬੱਸ ਦੀ ਆਹਮੋ ਸਾਹਮਣੀ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਰੋਡਵੇਜ਼ ਬੱਸ ਦੀ ਟੱਕਰ ਨਾਲ ਨਿੱਜੀ ਸਕੂਲ ਬੱਸ ਦੇ ਪਰਖੱਖੇ ਉੱਡ ਗਏ। ਇਸ ਦਰਦਨਾਕ ਹਾਦਸੇ ਵਿੱਚ ਦਾਦਰੀ ਸ਼ਹਿਰ ਦੇ ਆਰੀਅਨ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਇਸ਼ੀਕਾ (ਪੁੱਤਰੀ ਵਿਜੈ ਕੁਮਾਰ) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 18 ਹੋਰ ਸਕੂਲੀ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ। ਇਸ ਤੋਂ ਇਲਾਵਾ ਤਿੰਨ ਅਧਿਆਪਕ, ਰੋਡਵੇਜ਼ ਬੱਸ ਅਤੇ ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਅਤੇ ਦੋ ਹੋਰ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਆਰੀਅਨ ਸਕੂਲ ਦੀ ਬੱਸ ਬੱਚਿਆਂ ਨੂੰ ਪ੍ਰਤਾਪਗੜ੍ਹ ਦੇ ਵਿਦਿਅਕ ਦੌਰੇ ’ਤੇ ਲੈ ਕੇ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ।
ਕਈ ਵਾਹਨ ਟਕਰਾਏ, ਇਕ ਮੌਤ
ਮਹਿਮ (ਰੋਹਤਕ) : ਇੱਥੇ ਮਹਿਮ ਵਿਚ ਹਿਸਾਰ, ਦਿੱਲੀ ਤੇ ਰੋਹਤਕ ਭਿਵਾਨੀ ਰੋਡ ਦੇ ਚੌਰਾਹੇ ’ਤੇ ਐਤਵਾਰ ਸਵੇਰੇ ਧੁੰਦ ਕਰਕੇ ਕਈ ਵਾਹਨ ਟਕਰਾਅ ਗਏ। ਇੱਕ ਕਾਰ ਸਵਾਰ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖ਼ਮੀ ਹੋ ਗਏ।