ਸ੍ਰੀਨਗਰ : ਕਸ਼ਮੀਰ ਖੇਤਰ ਦੇ ਉੱਚੇ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਲੰਘੀ ਰਾਤ ਹੋਈ ਬਰਫ਼ਬਾਰੀ ਕਾਰਨ ਦਸੰਬਰ ਮਹੀਨੇ ਪਹਿਲੀ ਵਾਰ ਰਾਤ ਦਾ ਤਾਪਮਾਨ ਜਮਾਊ ਦਰਜੇ ਤੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਨੇ 20-21 ਦਸੰਬਰ ਨੂੰ ‘ਚਿਲੈ ਕਲਾਂ’ ਦੇ ਸ਼ੁਰੂ ਹੋਣ ’ਤੇ ਵਾਦੀ ਵਿਚ ਵੱਖ-ਵੱਖ ਥਾਵਾਂ ’ਤੇ ਹਲਕੇ ਮੀਂਹ ਜਾਂ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਸ੍ਰੀਨਗਰ-ਦਰਾਸ ਧੁਰੇ ਦੇ ਨਾਲ ਜ਼ੋਜਿਲਾ ਪਾਸ, ਮੀਨਾਮਾਰਗ ਅਤੇ ਬਾਲਟਾਲ ਵਿੱਚ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਜ਼ਿਲ੍ਹੇ ਦੀ ਗੁਰੇਜ਼ ਘਾਟੀ ਦੇ ਤੁਲੈਲ ਵਿਚ ਵੀ ਬਰਫ਼ਬਾਰੀ ਹੋਈ ਹੈ। ਇਸ ਸਾਲ ਦਸੰਬਰ ਵਿੱਚ ਪਹਿਲੀ ਵਾਰ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਸ਼ੁੱਕਰਵਾਰ ਰਾਤ ਨੂੰ ਮਨਫ਼ੀ 2.9 ਡਿਗਰੀ ਸੈਲਸੀਅਸ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ ਪੰਜ ਡਿਗਰੀ ਵੱਧ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਰਾਤ ਦਾ ਤਾਪਮਾਨ ਆਮ ਨਾਲੋਂ 3.2 ਡਿਗਰੀ ਵੱਧ ਸੀ। ਪੁਲਵਾਮਾ ਜੰਮੂ-ਕਸ਼ਮੀਰ ਦਾ ਸਭ ਤੋਂ ਠੰਢਾ ਸਥਾਨ ਸੀ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਇੱਕੋ ਇੱਕ ਜਗ੍ਹਾ ਸੀ ਜਿੱਥੇ ਘੱਟੋ-ਘੱਟ ਤਾਪਮਾਨ ਜਮਾਊ ਦਰਜੇ ਤੋਂ ਹੇਠਾਂ ਸੀ। ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਸ੍ਰੀਨਗਰ ਅਤੇ ਵਾਦੀ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੀ ਇੱਕ ਮੋਟੀ ਪਰਤ ਛਾਈ ਹੋਈ ਸੀ। ਦੱਖਣੀ ਕਸ਼ਮੀਰ ਵਿੱਚ ਕਾਜ਼ੀਗੁੰਡ ਅਤੇ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਰਿਹਾ। ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਦੱਖਣੀ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ਵਿੱਚੋਂ ਇੱਕ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ‘ਚਿਲੈ ਕਲਾਂ’ ਵੱਲ ਵਧ ਰਿਹਾ ਹੈ। ਇਹ 40 ਦਿਨਾਂ ਦਾ ਸਭ ਤੋਂ ਸਖ਼ਤ ਸਰਦੀਆਂ ਦਾ ਸਮਾਂ ਹੈ, ਜੋ 21 ਦਸੰਬਰ ਨੂੰ ਸ਼ੁਰੂ ਹੁੰਦਾ ਹੈ ਅਤੇ ਜਦੋਂ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਅਤੇ ਪਾਰਾ ਕਾਫ਼ੀ ਘਟ ਜਾਂਦਾ ਹੈ।





