ਬਠਿੰਡਾ : ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਦਿਨੇ ਸੂਰਜ ਦੀ ਤਪਸ਼ ਕਮਜ਼ੋਰ ਪੈਣ ਲੱਗੀ ਹੈ। ਮੰਗਲਵਾਰ ਨੂੰ ਬਠਿੰਡਾ ਖੇਤਰ ਵਿਚ ਧੁੰਦ ਪੈਣ ਕਾਰਨ ਸੂਰਜ ਦੇ ਦਰਸ਼ਨ ਦੁਪਹਿਰ ਤੱਕ ਦੁਰਲੱਭ ਰਹੇ। ਸਵੇਰ ਵੇਲੇ ਧੁੰਦ ਨਾਲ ਸੀਤ ਲਹਿਰ ਨੇ ਜ਼ੋਰ ਫੜੀ ਰੱਖਿਆ। ਸ਼ਹਿਰ ਦੇ ਮੁੱਖ ਹਾਈਵੇਅ ਸਮੇਤ ਸ਼ਹਿਰ ਦੀਆਂ ਸੜਕਾਂ ’ਤੇ ਚੱਲਣ ਵਾਲੇ ਰਾਹਗੀਰਾਂ ਨੂੰ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਮੰਜ਼ਲਾਂ ਵੱਲ ਵਧਣਾ ਪਿਆ। ਨੰਨ੍ਹੇ ਬੱਚਿਆਂ ਨੂੰ ਸਕੂਲਾਂ ਵਿਚ ਪੁੱਜਣ ਵਿਚ ਲੇਟ ਹੋਣ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪੇਂਡੂ ਖੇਤਰਾਂ ਵਿਚ ਧੁੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਲਿੰਕ ਸੜਕਾਂ ’ਤੇ ਇੱਕਾ-ਦੁੱਕਾ ਹਾਦਸੇ ਵੀ ਦੇਖਣ ਨੂੰ ਮਿਲੇ। ਗੌਰਤਲਬ ਹੈ ਕਿ ਦਸੰਬਰ ਮੱਧ ਵਿਚ ਠੰਢ ਵਧਣ ਕਾਰਨ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਧੂਣੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਸੀਤ ਲਹਿਰ ਅਤੇ ਧੁੰਦ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।




