ਚੰਡੀਗੜ੍ਹ : ਯੂ ਟੀ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਇੱਕ ਟਰਾਂਸਨੈਸ਼ਨਲ ਸਾਈਬਰ ਕਰਾਈਮ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 10 ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਪਰਵੇਜ਼ ਚੌਹਾਨ, ਸ਼ੁਭਮ ਮਹਿਰਾ ਉਰਫ ਸੰਨੀ, ਸੁਹੇਲ ਅਖਤਰ ਨਿਵਾਸੀ ਮੇਰਠ (ਯੂ ਪੀ) ਕਿ੍ਰਸ਼ਨਾ ਸ਼ਾਹ ਨਿਵਾਸੀ ਲੁਧਿਆਣਾ (ਮੂਲ ਨਿਵਾਸੀ ਨੇਪਾਲ), ਵਿਜੇ ਸ਼ਾਹ (ਮੂਲ ਨਿਵਾਸੀ ਨੇਪਾਲ), ਆਕਾਸ਼, ਅਜੀਤ ਕੁਮਾਰ, ਵਿਪਨ ਕੁਮਾਰ ਉਮਰ 25 ਸਾਲ, ਸਰੋਜ ਕੁਮਾਰ, ਅਭਿਸ਼ੇਕ ਕੁਮਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੈਕਟਰ 33-ਡੀ ਵਾਸੀ ਮਰਹੂਮ ਬਿ੍ਰਗੇਡੀਅਰ ਅਮਰਜੀਤ ਸਿੰਘ ਬਹਿਲ ਦੀ ਪਤਨੀ ਮਨਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। 11 ਜੁਲਾਈ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਇਕ ਵੁਆਇਸ ਕਾਲ ਆਈ, ਜਿਸ ਤੋਂ ਬਾਅਦ ਫਿਰ ਇਕ ਹੋਰ ਨੰਬਰ ਤੋਂ ਵਟਸਐਪ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਸੁਨੀਲ ਨਾਂਅ ਦੇ ਵਿਅਕਤੀ ਨੇ ਖੁਦ ਨੂੰ ਸੀ ਬੀ ਆਈ ਅਧਿਕਾਰੀ ਦੱਸਦਿਆਂ ਮਨਜੀਤ ਕੌਰ ਨੂੰ ਫ਼ਰਜ਼ੀ ਕਾਗਜ਼ਾਂ ’ਤੇ ਅਧਾਰਤ ਝੂਠੀ ਜਾਣਕਾਰੀ ਦੇ ਕੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਫਸ ਚੁੱਕੀ ਦੱਸਿਆ।
ਕਾਨੂੰਨੀ ਕਾਰਵਾਈ ਦੇ ਡਰੋਂ ਮਨਜੀਤ ਨੇ 1,1, 65,094 ਰੁਪਏ ਦੀ ਰਕਮ ਦੱਸੇ ਗਏ ਕਈ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ। ਇਸ ਬਾਰੇ ਪੁਲਸ ਸਟੇਸ਼ਨ ਸਾਈਬਰ ਕਰਾਈਮ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਐੱਸ ਪੀ ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਆਈ ਪੀ ਐੱਸ ਦੀ ਅਗਵਾਈ ਹੇਠ ਡੀ ਐੱਸ ਪੀ ਸਾਈਬਰ ਏ ਵੈਂਕਟੇਸ਼ ਦੀ ਅਗਵਾਈ ਅਤੇ ਇੰਸਪੈਕਟਰ ਇਰਮ ਰਿਜ਼ਵੀ ਐੱਸ ਐੱਚ ਓ ਸਾਈਬਰ ਕ੍ਰਾਈਮ ਸੈਕਟਰ 17 ਚੰਡੀਗੜ੍ਹ ਦੀ ਨਿਗਰਾਨੀ ਹੇਠ ਹੱਲ ਕੀਤਾ ਗਿਆ।




