ਹਾਂਸੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਰੈਲੀ ਦੌਰਾਨ ਹਾਂਸੀ ਨੂੰ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਂਸੀ ਨੂੰ ਜ਼ਿਲ੍ਹਾ ਐਲਾਨ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਨਵਾਂ ਜ਼ਿਲ੍ਹਾ ਬਣਨ ਤੋਂ ਬਾਅਦ ਹੁਣ ਹਿਸਾਰ ਜ਼ਿਲ੍ਹੇ ਵਿੱਚ ਦੋ ਸਬ-ਡਵੀਜ਼ਨਾਂ (ਹਿਸਾਰ ਅਤੇ ਬਰਵਾਲਾ) ਰਹਿ ਜਾਣਗੀਆਂ। ਨਵੇਂ ਬਣੇ ਹਾਂਸੀ ਜ਼ਿਲ੍ਹੇ ਵਿੱਚ ਦੋ ਸਬ-ਡਵੀਜ਼ਨਾਂ ਹਾਂਸੀ ਅਤੇ ਨਾਰਨੌਂਦ ਸ਼ਾਮਲ ਹੋਣਗੀਆਂ।
ਟਰੰਪ ਨੇ ਬੀ ਬੀ ਸੀ ’ਤੇ 10 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀ ਬੀ ਸੀ ਖਿਲਾਫ਼ ਦਾਇਰ ਮਾਣਹਾਨੀ ਮੁਕੱਦਮੇ ਵਿਚ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। ਟਰੰਪ ਨੇ ਬਿ੍ਰਟਿਸ਼ ਪ੍ਰਸਾਰਕ ’ਤੇ ਮਾਣਹਾਨੀ ਦੇ ਨਾਲ-ਨਾਲ ਧੋਖੇਬਾਜ਼ ਅਤੇ ਗੈਰਵਾਜਬ ਵਪਾਰਕ ਅਭਿਆਸਾਂ ਦਾ ਦੋਸ਼ ਲਗਾਇਆ ਹੈ। 33 ਸਫ਼ਿਆਂ ਦੀ ਅਪੀਲ ਵਿਚ ਬੀ ਬੀ ਸੀ ’ਤੇ ਰਾਸ਼ਟਰਪਤੀ ਟਰੰਪ ਨੂੰ ‘ਝੂਠੇ, ਅਪਮਾਨਜਨਕ, ਭੜਕਾਊ ਅਤੇ ਦੁਰਾਚਾਰੀ’ ਵਜੋਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬੀ ਬੀ ਸੀ ਦੀ ਰਿਪੋਰਟ ਨੂੰ ‘2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਅਤੇ ਪ੍ਰਭਾਵਿਤ ਕਰਨ ਦੀ ਇੱਕ ਬੇਸ਼ਰਮੀ ਭਰੀ ਕੋਸ਼ਿਸ਼’ ਕਰਾਰ ਦਿੱਤਾ ਗਿਆ ਹੈ। ਇਸ ਵਿਚ ਬੀ ਬੀ ਸੀ ’ਤੇ ‘ਰਾਸ਼ਟਰਪਤੀ ਟਰੰਪ ਦੇ 6 ਜਨਵਰੀ 2021 ਦੇ ਭਾਸ਼ਣ ਦੇ ਦੋ ਪੂਰੀ ਤਰ੍ਹਾਂ ਨਾਲ ਵੱਖ ਵੱਖ ਹਿੱਸਿਆਂ ਨੂੰ ਜੋੜਨ’ ਦਾ ਦੋਸ਼ ਲਗਾਇਆ ਗਿਆ ਹੈ ਤਾਂ ਕਿ ‘ਰਾਸ਼ਟਰਪਤੀ ਟਰੰਪ ਨੇ ਜੋ ਕੁਝ ਕਿਹਾ, ਉਸ ਦੇ ਭਾਵ ਨੂੰ ਗਿਣਮਿੱਥ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।’
ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ’ਚੋਂ 58 ਲੱਖ ਤੋਂ ਵੱਧ ਨਾਂਅ ਹਟਾਏ
ਕੋਲਕਾਤਾ : ਪੱਛਮੀ ਬੰਗਾਲ ਵਿੱਚ ਅਗਲੇ ਸਾਲ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਐੱਸ ਆਈ ਆਰ ਦੇ ਤਹਿਤ ਡਰਾਫਟ ਵੋਟਰ ਸੂਚੀ ਵਿੱਚੋਂ ਹਟਾਏ ਗਏ ਵੋਟਰਾਂ ਦੇ ਨਾਂਅ ਜਨਤਕ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਹਟਾਏ ਗਏ ਨਾਵਾਂ ਦੀ ਗਿਣਤੀ 58 ਲੱਖ ਤੋਂ ਵੱਧ ਹੈ। ਇਨ੍ਹਾਂ ਮਾਮਲਿਆਂ ਵਿੱਚ ਜਾਂ ਤਾਂ ਵੋਟਰਾਂ ਦੀ ਮੌਤ ਹੋ ਗਈ ਜਾਂ ਪਤੇ ’ਤੇ ਨਹੀਂ ਮਿਲੇ ਤੇ ਸਥਾਈ ਤੌਰ ’ਤੇ ਤਬਦੀਲ ਹੋ ਚੁੱਕੇ ਸਨ।

