ਪਟਨਾ : ਨਿਯੁਕਤੀ-ਪੱਤਰ ਦੇਣ ਵੇਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਹਿਜਾਬ ਹਟਾ ਕੇ ਚਿਹਰਾ ਦੇਖਣ ’ਤੇ ਪ੍ਰੋਟੈੱਸਟ ਵਜੋਂ ਆਯੂਸ਼ ਸਿਸਟਮ ਵਿੱਚ ਡਾਕਟਰ ਦੀ ਨੌਕਰੀ ਕਰਨ ਤੋਂ ਇਨਕਾਰ ਕਰਨ ਵਾਲੀ ਨੁਸਰਤ ਪ੍ਰਵੀਨ ਬਾਰੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬੜੀ ਅਜੀਬ ਟਿੱਪਣੀ ਕੀਤੀ ਹੈ। ਉਨ੍ਹਾ ਕਿਹਾ ਹੈ, ‘‘ਨਿਤੀਸ਼ ਕੁਮਾਰ ਨੇ ਕੁਝ ਵੀ ਗਲਤ ਨਹੀਂ ਕੀਤਾ। ਜੇ ਕੋਈ ਨਿਯੁਕਤੀ-ਪੱਤਰ ਲੈਂਦਾ ਹੈ ਤਾਂ ਚਿਹਰਾ ਨਹੀਂ ਦਿਖਾਏਗਾ? ਕੀ ਇਹ ਇਸਲਾਮੀ ਦੇਸ਼ ਹੈ? ਜੇ ਤੁਸੀਂ ਪਾਸਪੋਰਟ ਲੈਣ ਜਾਂਦੇ ਹੋ ਤਾਂ ਚਿਹਰਾ ਨਹੀਂ ਦਿਖਾਉਦੇ? ਜਦੋਂ ਤੁਸੀਂ ਏਅਰਪੋਰਟ ’ਤੇ ਜਾਂਦੇ ਹੋ ਤਾਂ ਚਿਹਰਾ ਦਿਖਾਉਦੇ ਹੋ ਕਿ ਨਹੀਂ? ਲੋਕ ਪਾਕਿਸਤਾਨ ਤੇ ਇੰਗਲਿਸ਼ਤਾਨ ਦੀ ਗੱਲ ਕਰਦੇ ਹਨ, ਪਰ ਇਹ ਇੰਡੀਆ ਹੈ। ਇੰਡੀਆ ਵਿੱਚ ਕਾਨੂੰਨ ਦਾ ਰਾਜ ਚੱਲੇਗਾ। ਕੁੜੀ ਨੌਕਰੀ ਤੋਂ ਨਾਂਹ ਕਰਦੀ ਹੈ ਜਾਂ ਜਹੰਨਮ ਵਿੱਚ ਜਾਂਦੀ ਹੈ, ਇਹ ਉਸ ਦੀ ਮਰਜ਼ੀ।’’ ਇਸੇ ਦੌਰਾਨ ਉੱਘੇ ਸ਼ਾਇਰ ਜਾਵੇਦ ਅਖਤਰ ਨੇ ਕਿਹਾ ਹੈ ਕਿ ਹਾਲਾਂਕਿ ਉਹ ਪਰਦੇ ਦੇ ਹੱਕ ਵਿੱਚ ਨਹੀਂ, ਪਰ ਨਿਤੀਸ਼ ਵੱਲੋਂ ਮੁਟਿਆਰ ਦਾ ਹਿਜਾਬ ਹਟਾਉਣ ਦੀ ਉਹ ਕਰੜੀ ਨਿੰਦਾ ਕਰਦੇ ਹਨ। ਨਿਤੀਸ਼ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।





