ਯੂ ਪੀ ਦੇ ਮੰਤਰੀ ਦੀ ‘ਭੋਜਪੁਰੀ’ ਸਫਾਈ

0
44

ਲਖਨਊ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇੱਕ ਮੁਟਿਆਰ ਦੇ ਚਿਹਰੇ ਤੋਂ ਹਿਜਾਬ ਹਟਾਉਣ ਦੇ ਮਾਮਲੇ ’ਤੇ ਦਿੱਤੀ ਗਈ ਟਿੱਪਣੀ, ‘‘ਜੇ ਉਹ ਉਸ ਨੂੰ ਕਿਤੇ ਹੋਰ ਛੂਹ ਲੈਂਦੇ ਤਾਂ ਕੀ ਹੋ ਜਾਂਦਾ?’’, ਯੂ ਪੀ ਦੇ ਮੰਤਰੀ ਸੰਜੇ ਨਿਸ਼ਾਦ ਨੇ ਸਫਾਈ ਦਿੱਤੀ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ ਅਤੇ ਉਨ੍ਹਾ ਦੀ ਕੋਈ ਮਾੜੀ ਨੀਅਤ ਨਹੀਂ ਸੀ। ਇਸ ਟਿੱਪਣੀ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਹੋਰਨਾਂ ਵੱਲੋਂ ਮੁਆਫੀ ਦੀ ਮੰਗ ਨੂੰ ਲੈ ਕੇ ਹੰਗਾਮਾ ਤੇਜ਼ ਹੋ ਗਿਆ ਹੈ। ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਿਸ਼ਾਦ ਪਾਰਟੀ ਦੇ ਮੁਖੀ ਨੇ ਕਿਹਾ ਕਿ ਹਿੰਦੀ ਵਿੱਚ ਕੀਤੀ ਗਈ ਇਹ ਟਿੱਪਣੀ, ਜਿਸ ਨੂੰ ਮਹਿਲਾ-ਵਿਰੋਧੀ ਅਤੇ ਭੱਦੀ ਕਿਹਾ ਜਾ ਰਿਹਾ ਹੈ, ਸਿਰਫ ਮਜ਼ਾਕੀਆ ਲਹਿਜੇ ਵਿੱਚ ਅਤੇ ਆਮ ਵਾਂਗ ਕੀਤੀ ਗਈ ਸੀ। ਨਿਸ਼ਾਦ ਨੇ ਕਿਹਾ, ‘‘ਮੇਰੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ, ਗਲਤ ਵਿਆਖਿਆ ਕੀਤੀ ਗਈ ਅਤੇ ਰੌਲੇ-ਰੱਪੇ ਤੇ ਅਨੁਵਾਦ ਵਿੱਚ ਇਸ ਦਾ ਅਸਲ ਮਤਲਬ ਗੁਆਚ ਗਿਆ।’’ ਉਨ੍ਹਾ ਇਹ ਗੱਲ ਉਦੋਂ ਕਹੀ, ਜਦੋਂ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਬਿਨਾਂ ਸ਼ਰਤ ਮੁਆਫੀ ਦੀ ਮੰਗ ਕੀਤੀ। ਉਨ੍ਹਾ ਕਿਹਾ, ‘‘ਜੇ ਕਿਸੇ ਨੂੰ ਬੁਰਾ ਲੱਗਾ ਹੈ, ਤਾਂ ਮੈਂ ਆਪਣੇ ਪਾਸਿਓਂ ਇਹ ਸ਼ਬਦ ਵਾਪਸ ਲੈਣ ਲਈ ਤਿਆਰ ਹਾਂ।’’
ਨਿਸ਼ਾਦ ਨੇ ਕਿਹਾ ਕਿ ਉਹ ਗੋਰਖਪੁਰ ਅਤੇ ਭੋਜਪੁਰੀ ਬੋਲਣ ਵਾਲੇ ਇਲਾਕੇ ਨਾਲ ਸੰਬੰਧ ਰੱਖਦੇ ਹਨ ਅਤੇ ਗੱਲਬਾਤ ਕਰਨ ਦੇ ਅੰਦਾਜ਼ ਹਰ ਖੇਤਰ ਵਿੱਚ ਵੱਖਰੇ ਹੁੰਦੇ ਹਨ। ਉਨ੍ਹਾ ਕਿਹਾ, ‘‘ਭੋਜਪੁਰੀ ਵਿੱਚ, ਇਹ ਲੋਕਾਂ ਨੂੰ ਕਿਸੇ ਮੁੱਦੇ ਨੂੰ ਜ਼ਿਆਦਾ ਨਾ ਵਧਾਉਣ ਅਤੇ ਸੰਜਮ ਰੱਖਣ ਦੀ ਸਲਾਹ ਦੇਣ ਦਾ ਇੱਕ ਆਮ ਤਰੀਕਾ ਹੈ। ਮੈਂ ਹਿੰਦੀ ਵਿੱਚ ਵੀ ਇਹੀ ਸ਼ੈਲੀ ਵਰਤੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵੱਡਾ ਮੁੱਦਾ ਬਣ ਜਾਵੇਗਾ।’’
ਉਨ੍ਹਾ ਅੱਗੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ, ਦਿੱਲੀ, ਮਹਾਰਾਸ਼ਟਰ ਜਾਂ ਤਾਮਿਲਨਾਡੂ ਵਿੱਚ ਭਾਸ਼ਾ ਅਤੇ ਪ੍ਰਗਟਾਵੇ ਵੱਖਰੇ ਹੁੰਦੇ ਹਨ, ਉਸੇ ਤਰ੍ਹਾਂ ਉੱਤਰੀ ਭਾਰਤ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀਆਂ ਬੋਲੀਆਂ ਵੀ ਵੱਖਰੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਬੇਇੱਜ਼ਤੀ ਕਰਨ ਦਾ ਇਰਾਦਾ ਸੀ। ਨਿਸ਼ਾਦ ਨੇ ਇਹ ਵੀ ਕਿਹਾ ਕਿ ਨਿਤੀਸ਼ ਕੁਮਾਰ ਨੇ ‘ਸਿਰਫ ਨਕਾਬ ਹਟਾਇਆ’ ਸੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਸਰਕਾਰੀ ਸਕੀਮ ਦਾ ਅਸਲ ਲਾਭਪਾਤਰੀ ਮੌਜੂਦ ਹੈ ਜਾਂ ਨਹੀਂ। ਉਨ੍ਹਾ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਸੀ, ਜਿਨ੍ਹਾਂ ਨੂੰ ਪ੍ਰੋਗਰਾਮ (ਸੋਮਵਾਰ ਨੂੰ ਪਟਨਾ ਵਿੱਚ ਇੱਕ ਸਰਕਾਰੀ ਸਮਾਗਮ) ਤੋਂ ਪਹਿਲਾਂ ਸਹੀ ਪ੍ਰਬੰਧ ਕਰਨੇ ਚਾਹੀਦੇ ਸਨ। ਉਨ੍ਹਾ ਦਾਅਵਾ ਕੀਤਾ ਕਿ ਉਨ੍ਹਾ ਦੀ ਟਿੱਪਣੀ ਕਿਸੇ ਔਰਤ, ਭਾਈਚਾਰੇ ਜਾਂ ਧਰਮ ਦੇ ਵਿਰੁੱਧ ਨਹੀਂ ਸੀ ਅਤੇ ਕੁਝ ਲੋਕ ਸਿਆਸੀ ਫਾਇਦੇ ਲਈ ਇਸ ਮੁੱਦੇ ਨੂੰ ਜਾਣਬੁੱਝ ਕੇ ਤੂਲ ਦੇ ਰਹੇ ਹਨ। ਇਸ ਦੌਰਾਨ ਸਪਾ ਬੁਲਾਰੇ ਸੁਮੱਈਆ ਰਾਣਾ ਨੇ ਬੁੱਧਵਾਰ ਨੂੰ ਲਖਨਊ ਪੁਲਸ ਕੋਲ ਨਿਸ਼ਾਦ ਅਤੇ ਨਿਤੀਸ਼ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਉਨ੍ਹਾ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਇੱਕ ਔਰਤ ਦਾ ਹਿਜਾਬ ਖਿੱਚਣ ਦੀ ਵੀਡੀਓ ਨੇ ਔਰਤਾਂ ਵਿੱਚ ਗੁੱਸਾ ਪੈਦਾ ਕੀਤਾ ਹੈ। ਸੁਮੱਈਆ ਰਾਣਾ ਨੇ ਕਿਹਾ ਕਿ ਉਹ ਖੁਦ ਹਿਜਾਬ ਪਾਉਂਦੀ ਹੈ ਅਤੇ ਜੇ ਉਸ ਨਾਲ ਅਜਿਹਾ ਹੁੰਦਾ ਤਾਂ ਉਹ ਚੁੱਪ ਨਹੀਂ ਰਹਿੰਦੀ। ਉਨ੍ਹਾ ਕੈਸਰਬਾਗ ਪੁਲਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ।