ਕਰਾਚੀ : ਪਾਕਿਸਤਾਨ ਦੀ ਹਾਕੀ ਟੀਮ ਦਾ ਮੈਨੇਜਰ ਤੇ ਉੱਘਾ ਹਾਕੀ ਉਲੰਪੀਅਨ ਅੰਜੁਮ ਸਈਦ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਹਵਾਈ ਅੱਡੇ ’ਤੇ ਜਹਾਜ਼ ਵਿੱਚ ਸਿਗਰਟ ਪੀਂਦਾ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਉਹ ਅਰਜਨਟੀਨਾ ਵਿੱਚ ਐੱਫ ਆਈ ਐੱਚ ਪ੍ਰੋ-ਲੀਗ ਵਿੱਚ ਮੈਨੇਜਰ ਵਜੋਂ ਸੀਨੀਅਰ ਪਾਕਿਸਤਾਨ ਟੀਮ ਨਾਲ ਗਿਆ ਸੀ। ਅੰਜੁਮ ਨੂੰ ਇੱਕ ਪਾਕਿਸਤਾਨੀ ਖਿਡਾਰੀ ਨਾਲ ਦੁਬਈ ਜਾਣ ਵਾਲੀ ਉਡਾਣ ਵਿਚ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਇਹ ਉਡਾਣ ਬ੍ਰਾਜ਼ੀਲ ਵਿੱਚ ਤੇਲ ਭਰਵਾਉਣ ਲਈ ਰੁਕੀ ਤਾਂ ਉਸ ਨੂੰ ਸਿਗਰਟ ਪੀਂਦੇ ਹੋਏ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਹਵਾਈ ਉਡਾਣਾਂ ਵਿਚ ਸਿਗਰਟ ਪੀਣ ਦੀ ਮਨਾਹੀ ਹੈ, ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖਤਰਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅੰਜੁਮ ਡਿਫੈਂਡਰ ਅਤੇ ਮਿਡਫੀਲਡਰ ਵਜੋਂ 1992 ਵਿੱਚ ਉਲੰਪਿਕ ਦੇ ਸੈਮੀਫਾਈਨਲ ਵਿੱਚ ਖੇਡਿਆ ਸੀ ਅਤੇ 1994 ਵਿੱਚ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਟੀਮ ਵਿੱਚ ਵੀ ਸ਼ਾਮਲ ਸੀ।




