ਕੈਨੇਡਾ ਵਿੱਚ ਸੜਕ ਹਾਦਸੇ ’ਚ ਪੰਜਾਬੀ ਡਰਾਈਵਰ ਦੀ ਮੌਤ

0
47

ਵਿਨੀਪੈਗ : ਕੈਨੇਡਾ ਦੇ ਸਸਕੈਚਵਨ ਸੂਬੇ ਵਿਚ 3 ਟਰੱਕਾਂ ਦੀ ਟੱਕਰ ਦੌਰਾਨ 33 ਸਾਲਾ ਇੰਦਰਜੀਤ ਸਿੰਘ ਦਮ ਤੋੜ ਗਿਆ । ਹਾਦਸਾ ਬਰੌਡਵਿਊ ਸ਼ਹਿਰ ਤੋਂ ਦੋ ਕਿੱਲੋਮੀਟਰ ਪੂਰਬ ਵੱਲ ਹਾਈਵੇ 1 ਅਤੇ ਹਾਈਵੇ-201 ਦੇ ਇੰਟਰ ਸੈਕਸ਼ਨ ਨੇੜੇ ਵਾਪਰਿਆ। ਐਮਰਜੈਂਸੀ ਕਾਮਿਆਂ ਵੱਲੋਂ ਇੰਦਰਜੀਤ ਸਿੰਘ ਨੂੰ ਮੌਕੇ ’ਤੇ ਹੀ ਮਿ੍ਰਤਕ ਕਰਾਰ ਦੇ ਦਿੱਤਾ ਗਿਆ, ਜਦ ਕਿ ਦੋ ਹੋਰਨਾਂ ਟਰੱਕਾਂ ਵਿਚ ਸਵਾਰ ਤਿੰਨ ਜਣਿਆਂ ਵਿਚੋਂ 2 ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਪੁਲਸ ਮੁਤਾਬਕ ਤੀਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ। ਬਰੌਡਵਿਊ ਆਰ ਸੀ ਐੱਮ ਪੀ ਮੁਤਾਬਕ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋ ਟਰੱਕਾਂ ਦੀ ਆਪਸ ਟੱਕਰ ਹੋਈ, ਤੀਜਾ ਟਰੱਕ ਹਾਈਵੇ ਤੋਂ ਖਤਾਨਾਂ ਵਿਚ ਉਤਰ ਗਿਆ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਹਾਈਵੇ ਤੋਂ ਉਤਰਿਆ ਜਾਂ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਕੱਟ ਮਾਰਿਆ। ਇੰਦਰਜੀਤ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 5 ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਹੈ। ਉਸ ਦੀ ਬਜ਼ੁਰਗ ਮਾਂ, ਪਤਨੀ ਅਤੇ ਧੀਆਂ ਪੰਜਾਬ ਵਿਚ ਰਹਿੰਦੇ ਹਨ, ਜਿਸ ਦੇ ਮੱਦੇਨਜ਼ਰ ਉਸ ਦੀ ਮਿ੍ਰਤਕ ਦੇਹ ਭਾਰਤ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।