ਅੱਜ ਜਦੋਂ ਦੇਸ਼ ਵਿੱਚ ਬੇਰੁਜ਼ਗਾਰੀ ਸਿਖ਼ਰਾਂ ‘ਤੇ ਪੁੱਜ ਚੁੱਕੀ ਹੈ, ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਉਸ ਮੌਕੇ ਮੋਦੀ ਸਰਕਾਰ ਵੱਲੋਂ ਚੀਤਾ ਆਇਆ, ਚੀਤਾ ਆਇਆ ਦਾ ਸ਼ੋਰ ਮਚਾਇਆ ਜਾ ਰਿਹਾ ਹੈ | ਸਾਰਾ ਗੋਦੀ ਮੀਡੀਆ ਚੀਤੇ ਲਿਆਉਣ ਦੇ ਬਹਾਨੇ ਮੋਦੀ ਨੂੰ ਸ਼ੇਰ ਬਣਾਉਣ ਵਿੱਚ ਲੱਗਾ ਹੋਇਆ ਹੈ | ਇੱਕ ਲੰਮੇ ਅਰਸੇ ਦੀਆਂ ਕੋਸ਼ਿਸ਼ਾਂ ਬਾਅਦ ਨਾਮੀਬੀਆ ਤੋਂ 8 ਚੀਤੇ ਲਿਆ ਕੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਹਨ | ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਨਰਿੰਦਰ ਮੋਦੀ ਦੇ ਜਨਮ ਦਾ ਦਿਨ ਚੁਣਿਆ ਗਿਆ ਸੀ |
ਇਸ ਮੌਕੇ ਨੂੰ ਨਾਟਕੀ ਰੰਗ ਦੇਣ ਲਈ ਪਹਿਲਾਂ ਚੀਤਿਆਂ ਨੂੰ ਇੱਕ ਖਾਸ ਚਾਰਟਰਡ ਹਵਾਈ ਜਹਾਜ਼ ਰਾਹੀਂ ਗਵਾਲੀਅਰ ਤੇ ਫਿਰ ਉਥੋਂ ਹੈਲੀਕਾਪਟਰ ਰਾਹੀਂ ਕੂਨੋ ਨੈਸ਼ਨਲ ਪਾਰਕ ਲਿਆਂਦਾ ਗਿਆ | ਭਾਰਤ ਵਿੱਚ ਚੀਤਿਆਂ ਦੀ ਜਨਸੰਖਿਆ ਅਜ਼ਾਦੀ ਸਮੇਂ ਹੀ ਲੱਗਭੱਗ ਖ਼ਤਮ ਹੋ ਚੁੱਕੀ ਸੀ | ਭਾਰਤ ਸਰਕਾਰ ਨੇ 1952 ਵਿੱਚ ਅਧਿਕਾਰਤ ਤੌਰ ‘ਤੇ ਚੀਤਿਆਂ ਦੇ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਸੀ |
ਮੋਦੀ ਸਰਕਾਰ, ਜਿਸ ਚੀਤਾ ਪ੍ਰੋਜੈਕਟ ਲਈ ਆਪਣੇ ਮੋਢੇ ਥਪਥਪਾ ਰਹੀ ਹੈ, ਅਸਲ ਵਿੱਚ ਉਸ ਦੀ ਸ਼ੁਰੂਆਤ ਕਾਂਗਰਸ ਦੀ ਸਰਕਾਰ ਸਮੇਂ ਹੀ ਹੋ ਗਈ ਸੀ | ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ-2 ਸਰਕਾਰ ਸਮੇਂ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ | ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਨੇ 2008 ਵਿੱਚ ਇਸ ‘ਪ੍ਰੋਜੈਕਟ ਚੀਤਾ’ ਨੂੰ ਮਨਜ਼ੂਰੀ ਦਿੱਤੀ ਸੀ | ਵਣ ਜੀਵਾਂ ਦੇ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ 2010 ਵਿੱਚ ਨਾਮੀਬੀਆ ਤੋਂ 18 ਚੀਤੇ ਮੰਗਵਾਉਣ ਨੂੰ ਮਨਜ਼ੂਰੀ ਦਿੱਤੀ ਗਈ ਸੀ | ਉਸੇ ਸਾਲ ਵੇਲੇ ਦੇ ਜੰਗਲਾਤ ਤੇ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਅਫ਼ਰੀਕਾ ਦੇ ਚੀਤਾ ਆਊਟਰੀਚ ਸੈਂਟਰ ਦਾ ਵੀ ਦੌਰਾ ਕੀਤਾ ਸੀ |
ਚੀਤਿਆਂ ਨੂੰ ਰੱਖਣ ਲਈ 2010-12 ਵਿੱਚ 10 ਥਾਵਾਂ ਦਾ ਸਰਵੇਖਣ ਕੀਤਾ ਗਿਆ ਸੀ | ਇਹ ਦਸ ਸਥਾਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ ਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਸਨ | ਆਖਰ ਵਿੱਚ ਦੇਖਿਆ ਗਿਆ ਕਿ ਕੂਨੋ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਹੀ ਚੀਤਿਆਂ ਨੂੰ ਰੱਖਣ ਲਈ ਸਹੀ ਚੋਣ ਹੋਵੇਗੀ | ਇਸ ਪਾਰਕ ਵਿੱਚ ਕੋਈ ਵੀ ਇਨਸਾਨੀ ਬਸਤੀ ਨਹੀਂ ਹੈ ਤੇ ਚੀਤਿਆਂ ਦੀ ਖੁਰਾਕ ਵਜੋਂ ਹਿਰਨ ਵੱਡੀ ਤਾਦਾਦ ਵਿੱਚ ਮੌਜੂਦ ਹਨ | ਇਸ ਫ਼ੈਸਲੇ ਤੋਂ ਬਾਅਦ ਜੰਗਲਾਤ ਤੇ ਵਾਤਾਵਰਨ ਮੰਤਰਾਲੇ ਵੱਲੋਂ ਚੀਤਿਆਂ ਨੂੰ ਵਸਾਉਣ ਲਈ 300 ਕਰੋੜ ਰੁਪਏ ਖਰਚ ਕੇ ਕੂਨੋ ਨੈਸ਼ਨਲ ਪਾਰਕ ਦਾ ਵਿਕਾਸ ਕੀਤਾ ਗਿਆ ਸੀ | ਇਹ ਪ੍ਰੋਜੈਕਟ ਸਿਰੇ ਚੜ੍ਹਦਾ, ਇਸ ਤੋਂ ਪਹਿਲਾਂ 2013 ਵਿੱਚ ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਾ ਦਿੱਤੀ ਸੀ | ਇਸ ਤੋਂ 7 ਸਾਲ ਬਾਅਦ 2020 ਵਿੱਚ ਸੁਪਰੀਮ ਕੋਰਟ ਨੇ ਇਸ ਰੋਕ ਨੂੰ ਹਟਾ ਦਿੱਤਾ ਸੀ |
ਸੁਪਰੀਮ ਕੋਰਟ ਵੱਲੋਂ ਰੋਕ ਹਟਾ ਦੇਣ ਤੋਂ ਬਾਅਦ ਮੋਦੀ ਸਰਕਾਰ ਨੇ ਉਸੇ ਪ੍ਰੋਜੈਕਟ ਨੂੰ ਹੀ ਅੱਗੇ ਵਧਾਇਆ ਹੈ | ਫਰਕ ਸਿਰਫ਼ ਏਨਾ ਹੈ ਕਿ ਮੋਦੀ ਸਰਕਾਰ ਨੇ 18 ਦੀ ਥਾਂ 8 ਚੀਤੇ ਮੰਗਵਾਏ ਹਨ | ਹੋ ਸਕਦਾ ਹੈ ਕਿ 10 ਹੋਰ ਚੀਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਪ੍ਰਾਪੇਗੰਡਾ ਮੌਕਾ ਸਿਰਜਣ ਲਈ ਮੰਗਵਾਏ ਜਾਣਗੇ | ਕੂਨੋ ਨੈਸ਼ਨਲ ਪਾਰਕ 748 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ | ਜੰਗਲੀ ਜੀਵ ਮਾਹਰਾਂ ਮੁਤਾਬਕ ਇੱਥੇ 21 ਚੀਤੇ ਰਹਿ ਸਕਦੇ ਹਨ | ਲੁਪਤ ਹੋ ਰਹੇ ਜੰਗਲੀ ਜੀਵਾਂ ਨੂੰ ਬਚਾਉਣਾ ਸਮਾਜ ਦੀ ਜ਼ਿੰਮੇਵਾਰੀ ਹੈ | ਵਾਤਾਵਰਨ ਦੇ ਸੰਤੁਲਨ ਲਈ ਇਸ ਦੀ ਵੱਡੀ ਲੋੜ ਹੈ, ਪਰ ਇਸ ਦੇ ਸ਼ੋਰ ਵਿੱਚ ਦੇਸ਼ ਦੇ ਹੋਰ ਅਹਿਮ ਮਸਲਿਆਂ ਨੂੰ ਦਬਾਉਣਾ ਇੱਕ ਵੱਡਾ ਗੁਨਾਹ ਹੈ |