23.2 C
Jalandhar
Friday, March 29, 2024
spot_img

ਚੰਡੀਗੜ੍ਹ ‘ਵਰਸਿਟੀ ‘ਚ ਅਸ਼ਲੀਲ ਵੀਡੀਓ ਨੂੰ ਲੈ ਕੇ ਹੰਗਾਮਾ

ਚੰਡੀਗੜ੍ਹ : ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ‘ਚ ਸਥਿਤ ਕੁੜੀਆਂ ਦੇ ਇਕ ਹੋਸਟਲ ‘ਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਬਾਥਰੂਮ ‘ਚ ਕੁਝ ਕੁੜੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ‘ਤੇ ਰੋਹ ਭੜਕ ਗਿਆ | ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ, ਜਦੋਂ ਹੋਸਟਲ ‘ਚ ਰਹਿਣ ਵਾਲੀ ਇਕ ਕੁੜੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ | ਹਾਲਾਂਕਿ, ਯੂਨੀਵਰਸਿਟੀ ਮੈਨੇਜਮੈਂਟ ਨੇ ਦਾਅਵਾ ਕੀਤਾ ਕਿ ਕਿਸੇ ਵੀ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਝ ਕੁੜੀਆਂ ਬੇਹੋਸ਼ ਜ਼ਰੂਰ ਹੋ ਗਈਆਂ ਸਨ |
ਸੂਤਰਾਂ ਅਨੁਸਾਰ ਤਿੰਨ ਕੁੜੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ | ਉੱਧਰ, ਵਾਰਡਨ ਨੇ ਕਿਹਾ ਕਿ ਉਨ੍ਹਾਂ ਹੋਸਟਲ ਦੀਆਂ ਕੁੜੀਆਂ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਮਾਮਲੇ ਦੀ ਪੜਤਾਲ ਕੀਤੀ, ਪਰ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ | ਯੂਨੀਵਰਸਿਟੀ ਦੇ ਚਾਂਸਲਰ ਸਤਿਨਾਮ ਸਿੰਘ ਸੰਧੂ ਨੇ ਕਿਹਾ—ਮੈਨੂੰ ਅਜੇ ਘਟਨਾ ਦੀ ਵਿਸਥਾਰ ‘ਚ ਜਾਣਕਾਰੀ ਨਹੀਂ ਮਿਲੀ | ਸ਼ਨੀਵਾਰ ਰਾਤ ਰੋਹ ਭੜਕਿਆ ਸੀ ਅਤੇ ਵਿਦਿਆਰਥੀਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਚੁੱਕਾ ਹੈ | ਪੁਲਸ ਦੀ ਮਦਦ ਨਾਲ ਅਸੀਂ ਇਸ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ |
ਮੁਹਾਲੀ ਦੇ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੜੀ ਨੇ ਸਿਰਫ ਆਪਣੀ ਵੀਡੀਓ ਬਣਾਈ ਸੀ ਤੇ ਹਿਮਾਚਲ ‘ਚ ਕਿਸੇ ਨਾਲ ਸਾਂਝੀ ਕੀਤੀ ਸੀ | ਉਸ ਬਾਰੇ ਪਤਾ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ | ਉਨ੍ਹਾ ਕਿਹਾ—ਵੀਡੀਓ ਬਣਾਉਣ ਦੀ ਕਥਿਤ ਮੁਲਜ਼ਮ ਕੁੜੀ ਨੂੰ ਹਿਰਾਸਤ ‘ਚ ਲਿਆ ਗਿਆ ਹੈ | ਇਸ ਸੰਬੰਧੀ ਐੱਫ ਆਈ ਆਰ ਦਰਜ ਕਰ ਲਈ ਗਈ ਹੈ | ਇਤਰਾਜ਼ਯੋਗ ਵੀਡੀਓਜ਼ ਨੂੰ ਵਾਇਰਲ ਹੋਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਉਠਾਏ ਜਾਣਗੇ | ਮੈਂ ਸਾਰਿਆਂ ਨੂੰ ਵੀਡੀਓਜ਼ ਨੂੰ ਵਾਇਰਲ ਨਾ ਕਰਨ ਅਤੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਾ ਹਾਂ | ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਨਿਆਂ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇ ਐੱਸ ਐੱਸ ਪੀ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ |
ਉੱਧਰ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ | ਪੰਜਾਬ ਸਰਕਾਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ | ਮੈਂ ਸਾਰਿਆਂ ਨੂੰ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕਰਦਾ ਹਾਂ | ਅਸੀਂ ਸਾਰੇ ਤੁਹਾਡੇ ਨਾਲ ਹਾਂ ਅਤੇ ਨਿਆਂ ਕੀਤਾ ਜਾਵੇਗਾ |
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ—ਚੰਡੀਗੜ੍ਹ ਯੂਨੀਵਰਸਿਟੀ ‘ਚ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ | ਸਾਡੀਆਂ ਧੀਆਂ ਸਾਡੀ ਇੱਜ਼ਤ ਨੇ | ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਨੇ | ਜੋ ਵੀ ਦੋਸ਼ੀ ਪਾਇਆ ਗਿਆ, ਸਖਤ ਕਾਰਵਾਈ ਕਰਾਂਗੇ | ਮੈਂ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ | ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਅਫਵਾਹਾਂ ਤੋਂ ਬਚੋ |

Related Articles

LEAVE A REPLY

Please enter your comment!
Please enter your name here

Latest Articles