ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ’ਚ 18 ਦਸੰਬਰ ਦੀ ਰਾਤ ਘੱਟ-ਗਿਣਤੀ ਹਿੰਦੂ ਭਾਈਚਾਰੇ ਦੇ 25 ਸਾਲਾ ਫੈਕਟਰੀ ਵਰਕਰ ਦੀਪੂ ਚੰਦਰ ਦਾਸ ਨੂੰ ਪਗਲਾਈ ਭੀੜ ਨੇ ਬੇਅਦਬੀ ਦੇ ਦੋਸ਼ ਵਿੱਚ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਦਰੱਖਤ ਨਾਲ ਲਟਕਾ ਕੇ ਮਾਰ ਦਿੱਤਾ ਅਤੇ ਬਾਅਦ ’ਚ ਉਸ ਦੀ ਲਾਸ਼ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਹਤਿਆਰੀ ਭੀੜ ਹੋਰ ਕੋਈ ਨਹੀਂ, ਸਗੋਂ ਉੱਥੋਂ ਦੇ ਬਹੁ-ਗਿਣਤੀ ਮੁਸਲਮ ਸਮਾਜ ਅੰਦਰਲੇ ਕੁਝ ਕੱਟੜਪੰਥੀ ਤੇ ਨਫਰਤ ਨਾਲ ਭਰੇ ਲੋਕ ਸਨ। ਇਹ ਕੋਈ ਫੌਜਦਾਰੀ ਮਾਮਲਾ ਨਹੀਂ, ਇਹ ਉਸ ਸਮਾਜ ’ਤੇ ਇੱਕ ਗੰਭੀਰ ਸਵਾਲੀਆ ਨਿਸ਼ਾਨ ਹੈ, ਜਿੱਥੇ ਪਗਲਾਈ ਭੀੜ ਨੇ ਕਾਨੂੰਨ, ਵਿਵੇਕ ਤੇ ਇਨਸਾਨੀਅਤਤਿੰਨਾਂ ਦੀ ਹੱਤਿਆ ਕਰ ਦਿੱਤੀ। ਇਹ ਇੱਕ ਵਿਅਕਤੀ ਦੀ ਹੱਤਿਆ ਨਹੀਂ ਸੀ, ਸਗੋਂ ਉਸ ਵਿਵਸਥਾ ਦੀ ਨਾਕਾਮੀ ਸੀ, ਜਿਹੜੀ ਸਭ ਤੋਂ ਕਮਜ਼ੋਰ ਨਾਗਰਿਕਾਂਘੱਟ-ਗਿਣਤੀਆਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ। ਪਿਛਲੇ 10 ਸਾਲਾਂ ਵਿੱਚ ਬੰਗਲਾਦੇਸ਼ ਵਿੱਚ 100 ਤੋਂ ਵੱਧ ਹਿੰਦੂਆਂ ਦੀਆਂ ਹੱਤਿਆਵਾਂ ਹੋ ਚੁੱਕੀਆਂ ਹਨ, ਉਨ੍ਹਾਂ ਦੇ ਮੰਦਰ ਤੇ ਘਰ ਤੋੜ ਤੇ ਸਾੜ ਦਿੱਤੇ ਗਏ ਹਨ ਅਤੇ ਫਿਰਕੂ ਦਹਿਸ਼ਤਗਰਦੀ ਨੂੰ ਸੋਚ-ਸਮਝ ਕੇ ਇੱਕ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ।
ਬੰਗਲਾਦੇਸ਼ ਹੀ ਨਹੀਂ, ਭਾਰਤ ਦੀ ਪਿਛਲੇ 10 ਸਾਲਾਂ ਦੀ ਤਸਵੀਰ ਹੋਰ ਵੀ ਜ਼ਿਆਦਾ ਬੇਚੈਨ ਕਰਨ ਵਾਲੀ ਹੈ। ਇੱਥੇ ਭੀੜ-ਹੱਤਿਆ (ਮੌਬ ਲਿੰਚਿੰਗ) ਅਤੇ ਜਥੇਬੰਦ ਸਮਾਜੀ ਹਿੰਸਾ ਨੇ ਮੁਸਲਮਾਨਾਂ, ਦਲਿਤਾਂ ਤੇ ਮਹਿਲਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ। ਮੰਦਰ-ਮਸਜਿਦ, ਗਊ ਰੱਖਿਆ-ਗਊ ਮਾਸ ਦੇ ਨਾਂਅ ਜਾਂ ਫਿਰ ਵਧਦੀ ਨਫਰਤ ਨਾਲ ਮੁਸਲਮ ਭਾਈਚਾਰੇ ਦੇ 150 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਥੇ ਵੀ ਹਮਲਾਵਰ ਅਕਸਰ ਕੱਟੜਪੰਥੀ ਹਿੰਦੂ ਬਹੁ-ਗਿਣਤੀ ਭੀੜ ਰਹੀ। ਜਾਤ ਅਧਾਰਤ ਹਿੰਸਾ ਵਿੱਚ 600 ਤੋਂ ਵੱਧ ਦਲਿਤ ਮਾਰ ਦਿੱਤੇ ਗਏ ਅਤੇ ਬਹੁਤੇ ਮਾਮਲਿਆਂ ਵਿੱਚ ਹਿੰਦੂ ਸਮਾਜ ਦੇ ਦਾਬੇ ਵਾਲੇ ਉੱਚ ਜਾਤੀ ਸਮੂਹਾਂ ਦੇ ਦਬੰਗ ਹੀ ਦਲਿਤਾਂ ਦੇ ਖੂਨ ਦੇ ਪਿਆਸੇ ਪਾਏ ਗਏ। ਇਨ੍ਹਾਂ 10 ਸਾਲਾਂ ਦੌਰਾਨ ਹੀ ਭਾਰਤ ਵਿੱਚ ਮਹਿਲਾਵਾਂ ਖਿਲਾਫ ਜਾਤ, ਆਨਰ ਕਿਲਿੰਗ ਤੇ ਡਾਇਣ ਪ੍ਰਥਾ ਵਰਗੇ ਬਹਾਨਿਆਂ ਨਾਲ ਇੱਕ ਹਜ਼ਾਰ ਤੋਂ ਵੱਧ ਹੱਤਿਆਵਾਂ ਹੋਈਆਂ ਅਤੇ ਬਹੁਤੇ ਮਾਮਲਿਆਂ ਵਿੱਚ ਇਹ ਹਿੰਸਾ ਘਰ ਦੀ ਚਾਰਦੀਵਾਰੀ ਤੱਕ ਸੀਮਤ ਨਹੀਂ ਰਹੀ, ਸਗੋਂ ਸਮਾਜ ਵਿੱਚ ਖੁੱਲ੍ਹੇਆਮ ਸਭ ਦੀਆਂ ਅੱਖਾਂ ਦੇ ਸਾਹਮਣੇ ਹੁੰਦੀ ਰਹੀ। ਪੀੜਤਾਂ ਦੀ ਪਛਾਣ ਬਿਲਕੁਲ ਸਾਫ ਹੈਮੁਸਲਮਾਨ, ਦਲਿਤ ਤੇ ਮਹਿਲਾਵਾਂ ਅਤੇ ਓਨੀ ਹੀ ਸਾਫ ਇਹ ਸਚਾਈ ਵੀ ਹੈ ਕਿ ਇਨ੍ਹਾਂ ਅਪਰਾਧਾਂ ਨੂੰ ਅਕਸਰ ਸਿਆਸੀ ਖਾਮੋਸ਼ੀ, ਖਾਮੋਸ਼ ਸਹਿਮਤੀ ਜਾਂ ਸਿੱਧੀ-ਅਸਿੱਧੀ ਪੁਸ਼ਤਪਨਾਹੀ ਮਿਲੀ, ਅਪਰਾਧੀਆਂ ਨੂੰ ਆਗੂਆਂ ਵੱਲੋਂ ਸਨਮਾਨਤ ਕੀਤਾ ਗਿਆ, ਪਾਰਟੀ ਵਿੱਚ ਉੱਚ ਅਹੁਦੇ ਦਿੱਤੇ ਗਏ, ਜਿਸ ਨੇ ਅਪਰਾਧੀਆਂ ਦੇ ਹੌਸਲੇ ਹੋਰ ਵਧਾਏ ਅਤੇ ਪੀੜਤਾਂ ਲਈ ਇਨਸਾਫ ਨੂੰ ਹੋਰ ਦੂਰ ਕਰ ਦਿੱਤਾ। ਪਾਕਿਸਤਾਨ ਵਿੱਚ ਵੀ ਪਿਛਲੇ 10 ਸਾਲਾਂ ’ਚ ਘੱਟ-ਗਿਣਤੀ ਈਸਾਈ, ਹਿੰਦੂ ਤੇ ਅਹਿਮਦੀਆ ਸਮਾਜ ਦੇ ਲਗਭਗ 100 ਲੋਕਾਂ ਨੂੰ ਬੇਅਦਬੀ ਦੇ ਦੋਸ਼ਾਂ ਵਿੱਚ ਬਹੁ-ਗਿਣਤੀ ਮੁਸਲਮਾਨਾਂ ਦੀਆਂ ਭੀੜਾਂ ਨੇ ਮਾਰ ਦਿੱਤਾ।
ਵੱਖ-ਵੱਖ ਧਾਰਮਕ ਸੰਦਰਭ ਵਾਲੇ ਤਿੰਨਾਂ ਦੇਸ਼ਾਂ ਵਿੱਚ ਹਿੰਸਾ ਦਾ ਚਿਹਰਾ ਇੱਕ ਹੀ ਹੈ। ਬੰਗਲਾਦੇਸ਼ ਵਿੱਚ ਹਿੰਦੂ ਮਾਰੇ ਗਏ, ਪਾਕਿਸਤਾਨ ਵਿੱਚ ਗੈਰ-ਮੁਸਲਮ ਮਾਰੇ ਗਏ ਅਤੇ ਭਾਰਤ ਵਿੱਚ ਮੁਸਲਮਾਨ, ਦਲਿਤ ਤੇ ਮਹਿਲਾਵਾਂ ਮਾਰੀਆਂ ਗਈਆਂ। ਇਸ ਤੋਂ ਇੱਕ ਗੱਲ ਬਿਲਕੁਲ ਸਾਫ ਹੈਸਮੱਸਿਆ ਕਿਸੇ ਇੱਕ ਧਰਮ ਦੀ ਨਹੀਂ, ਸਮੱਸਿਆ ਉਸ ਸਮਾਜੀ ਵਿਵਸਥਾ ਦੀ ਹੈ, ਜਿੱਥੇ ਤਾਕਤਵਰ, ਜਨੂੰਨੀ ਤੇ ਕੱਟੜਪੰਥੀ ਭੀੜ ਨੂੰ ਖੁੱਲ੍ਹੀ ਛੋਟ ਮਿਲ ਜਾਂਦੀ ਹੈ ਅਤੇ ਕਮਜ਼ੋਰ ਇਨਸਾਨ ਸਭ ਤੋਂ ਆਸਾਨ ਸ਼ਿਕਾਰ ਬਣ ਜਾਂਦਾ ਹੈ। ਸਮੱਸਿਆ ਉਸ ਮੁਨਾਫਾਖੋਰੀ ਲਈ ਕੰਮ ਕਰ ਰਹੇ ਸਿਸਟਮ ਦੀ ਹੈ, ਜਿਹੜਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਹਤਾਸ਼ਾ ਨਾਲ ਭਰੇ ਨੌਜਵਾਨਾਂ ਨੂੰ ਸਵਾਲ ਪੁੱਛਣ ਦੀ ਥਾਂ ਨਫਰਤ ਕਰਨੀ ਸਿਖਾਉਦਾ ਹੈ, ਜੋ ਉੱਪਰ ਬੈਠੇ ਅਸਲੀ ਜ਼ਿੰਮੇਵਾਰਾਂ ਵੱਲੋਂ ਧਿਆਨ ਹਟਾ ਕੇ ਭੀੜ ਨੂੰ ਹੇਠਲੇ ਕਮਜ਼ੋਰ ਲੋਕਾਂ ਨਾਲ ਲੜਵਾ ਦਿੰਦਾ ਹੈ। ਜਿਹੜੇ ਲੋਕ ਕਿਸੇ ਦੂਜੇ ਦੇਸ਼ ਦੀ ਘਟਨਾ ਦਿਖਾ ਕੇ ਆਪਣੇ ਦੇਸ਼ ਵਿੱਚ ਨਫਰਤ ਭੜਕਾਉਣ ਤੇ ਲੋਕਾਂ ਨੂੰ ਉਕਸਾਉਣ ਦਾ ਕੰਮ ਕਰਦੇ ਹਨ, ਉਹ ਇਨਸਾਫ ਦੀ ਗੱਲ ਨਹੀਂ ਕਰ ਰਹੇ ਹੁੰਦੇ, ਉਹ ਆਉਣ ਵਾਲੀ ਹਿੰਸਾ ਲਈ ਜ਼ਮੀਨ ਤਿਆਰ ਕਰ ਰਹੇ ਹੁੰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਜੇ ਇੱਕ-ਦੂਜੇ ਨੂੰ ਦੇਖ ਕੇ ਹਿੰਸਾ ਨੂੰ ਬੜ੍ਹਾਵਾ ਦਿੰਦੇ ਰਹੇ ਤਾਂ ਪੂਰਾ ਸਮਾਜ ਹੌਲੀ-ਹੌਲੀ ਇੱਕ ਬੁੱਚੜਖਾਨੇ ਵਿੱਚ ਬਦਲ ਜਾਵੇਗਾ। ਇਸ ਲਈ ਕਿਸੇ ਵੀ ਇਨਸਾਨ ਦੀ ਹੱਤਿਆ ’ਤੇ ਹੰਝੂ ਵੀ ਇੱਕੋ ਜਿਹੇ ਵਹਾਉਣੇ ਚਾਹੀਦੇ ਹਨ ਤੇ ਨਿੰਦਾ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਸਾਨੂੰ ਸਭ ਨੂੰ ਇਹ ਗੱਲ ਸਾਫ ਸਮਝਣੀ ਪਵੇਗੀ ਕਿ ਜਦ ਲੋਕ ਪਗਲਾਈ ਭੀੜ ਦਾ ਹਿੱਸਾ ਬਣਦੇ ਹਨ ਤਾਂ ਉਹ ਇਨਸਾਫ ਨਹੀਂ ਕਰਦੇ, ਉਹ ਕਿਸੇ ਹੋਰ ਦੇ ਏਜੰਡੇ ਦਾ ਔਜ਼ਾਰ ਬਣ ਜਾਂਦੇ ਹਨ। ਅੱਜ ਜਿਹੜੇ ‘ਦੂਜੇ’ ਨੂੰ ਮਾਰਿਆ ਜਾ ਰਿਹਾ ਹੈ, ਭਲਕੇ ਉਹੀ ਨੰਬਰ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਆਪਣਿਆਂ ਦਾ ਵੀ ਹੋ ਸਕਦਾ ਹੈ। ਜੇ ਸੱਚ ਵਿੱਚ ਬਦਲਾਅ ਲਿਆਉਣਾ ਹੈ ਤਾਂ ਨਫਰਤ ਨਹੀਂ, ਸਵਾਲ ਚੁੱਕਣੇ ਹੋਣਗੇ, ‘ਧਰਮ’ ਨੂੰ ਨਹੀਂ, ਇਨਸਾਨ ਨੂੰ ਬਚਾਉਣਾ ਹੋਵੇਗਾ ਅਤੇ ਭੀੜਤੰਤਰ-ਕੱਟੜਤਾ ਵਾਲਾ ਸਮਾਜ ਨਹੀਂ, ਬਰਾਬਰੀ ਤੇ ਇਨਸਾਫ ਵਾਲਾ ਸਮਾਜ ਬਣਾਉਣਾ ਹੋਵੇਗਾ। ਕੋਈ ਵੀ ਦੇਸ਼ ਹੋਵੇ ਜਾਂ ਸਮਾਜ, ਪਗਲਾਈ ਕੱਟੜਪੰਥੀ ਭੀੜ ਦੀ ਜਿੱਤ ਕਦੇ ਸਮਾਜ ਦੀ ਜਿੱਤ ਨਹੀਂ ਹੋ ਸਕਦੀ, ਇਹ ਸਿਰਫ ਇਨਸਾਨੀਅਤ ਦੀ ਹਾਰ ਹੁੰਦੀ ਹੈ।



