ਰਾਏਪੁਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਵਿਰੁੱਧ ਸੂਬੇ ਦੇ ਬਹੁ-ਕਰੋੜੀ ਸ਼ਰਾਬ ਘੁਟਾਲੇ ਵਿੱਚ ਐਂਟੀ-ਕੁਰੱਪਸ਼ਨ ਬਿਊਰੋ ਅਤੇ ਆਰਥਿਕ ਅਪਰਾਧ ਸ਼ਾਖਾ ਨੇ ਅਦਾਲਤ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੈਤੰਨਿਆ ਨੇ ਇਸ ਘੁਟਾਲੇ ਵਿੱਚੋਂ ਆਪਣੇ ਹਿੱਸੇ ਵਜੋਂ 200 ਕਰੋੜ ਤੋਂ 250 ਕਰੋੜ ਰੁਪਏ ਤੱਕ ਪ੍ਰਾਪਤ ਕੀਤੇ ਹਨ। 3800 ਪੰਨਿਆਂ ਦੇ ਇਸ ਵਿਸਤਿ੍ਰਤ ਦਸਤਾਵੇਜ਼ ਅਨੁਸਾਰ ਚੈਤੰਨਿਆ ਨੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਆਬਕਾਰੀ ਵਿਭਾਗ ਵਿੱਚ ਚੱਲ ਰਹੇ ਵਸੂਲੀ ਰੈਕੇਟ ਵਿੱਚ ਤਾਲਮੇਲ ਕਰਨ ਅਤੇ ਇਸ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਜਾਂਚ ਏਜੰਸੀ ਨੇ ਦੱਸਿਆ ਕਿ ਇਹ ਘੁਟਾਲਾ ਲਗਭਗ 3000 ਕਰੋੜ ਰੁਪਏ ਤੋਂ ਵੱਧ ਦਾ ਹੈ ਅਤੇ ਚੈਤੰਨਿਆ ਨੇ ਕਥਿਤ ਤੌਰ ’ਤੇ ਆਪਣੇ ਸਾਥੀਆਂ ਅਤੇ ਵੱਖ-ਵੱਖ ਵਪਾਰਕ ਫਰਮਾਂ ਰਾਹੀਂ ਇਸ ਰਕਮ ਨੂੰ ਬੈਂਕਿੰਗ ਚੈਨਲਾਂ ਰਾਹੀਂ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ।




