ਲਖਨਊ : ਯੂ ਪੀ ਦੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਯੂ ਪੀ ਸਰਕਾਰ ਨੂੰ ਮੰਗਲਵਾਰ ਤਕੜਾ ਝਟਕਾ ਲੱਗਾ, ਜਦੋਂ ਸੂਰਜਪੁਰ ਦੀ ਜ਼ਿਲ੍ਹਾ ਅਦਾਲਤ ਨੇ ਗ੍ਰੇਟਰ ਨੋਇਡਾ ਦੇ ਪਿੰਡ ਬਿਸਾਹੜਾ ਵਿੱਚ ਅਖ਼ਲਾਕ ਦੀ ਲਿਚਿੰਗ ’ਚ ਸ਼ਾਮਲ ਮੁਲਜ਼ਮਾਂ ਖਿਲਾਫ ਕੇਸ ਵਾਪਸ ਲੈਣ ਦੀ ਮੰਗ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਐਡੀਸ਼ਨਲ ਜ਼ਿਲ੍ਹਾ ਜੱਜ ਸੌਰਭ ਦਿਵੇਦੀ ਨੇ ਇਹ ਅਹਿਮ ਹੁਕਮ ਵੀ ਦਿੱਤਾ ਕਿ ਕੇਸ ਨੂੰ ‘ਸਭ ਤੋਂ ਅਹਿਮ’ ਸ਼੍ਰੇਣੀ ਵਿੱਚ ਰੱਖ ਕੇ ਰੋਜ਼ਾਨਾ ਸੁਣਵਾਈ ਹੋਵੇ। ਗੌਤਮ ਬੁੱਧ ਨਗਰ ਦੇ ਪੁਲਸ ਕਮਿਸ਼ਨਰ ਤੇ ਗ੍ਰੇਟਰ ਨੋਇਡਾ ਦੇ ਡਿਪਟੀ ਪੁਲਸ ਕਮਿਸ਼ਨਰ ਨੂੰ ਪੱਤਰ ਭੇਜ ਕੇ ਕਿਹਾ ਜਾਵੇ ਕਿ ਉਹ ਗਵਾਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ। ਅਖ਼ਲਾਕ ਕਤਲ ਕਾਂਡ ਦੀ ਦੁਨੀਆ-ਭਰ ਵਿੱਚ ਚਰਚਾ ਹੋਈ ਸੀ। 28 ਸਤੰਬਰ 2015 ਦੀ ਰਾਤ ਕਰੀਬ 10 ਵਜੇ ਯੂ ਪੀ ਦੇ ਦਾਦਰੀ ਦੇ ਪਿੰਡ ਬਿਸਾਹੜਾ ਵਿੱਚ ਭੀੜ ਨੇ ਮੁਹੰਮਦ ਅਖ਼ਲਾਕ ਦੇ ਘਰ ਨੂੰ ਘੇਰ ਲਿਆ ਸੀ। ਭੀੜ ਦਾ ਦੋਸ਼ ਸੀ ਕਿ ਕੁਝ ਦਿਨ ਪਹਿਲਾਂ ਗੁਆਚਾ ਗਊ ਦਾ ਵੱਛਾ ਅਖ਼ਲਾਕ ਪਰਵਾਰ ਨੇ ਮਾਰ ਕੇ ਖਾ ਲਿਆ ਹੈ। ਭੀੜ ਨੇ ਅਖ਼ਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਕਤਲ ਕਾਂਡ ਵਿੱਚ 19 ਜਣੇ ਮੁਲਜ਼ਮ ਬਣਾਏ ਗਏ ਸਨ, ਜਿਨ੍ਹਾਂ ਵਿੱਚ ਸਥਾਨਕ ਭਾਜਪਾ ਆਗੂ ਦੇ ਬੇਟੇ ਵਿਸ਼ਾਲ ਰਾਣਾ ਤੇ ਸ਼ਿਵਮ ਵੀ ਸਨ। ਇਸ ਸਾਲ ਅਕਤੂਬਰ ਵਿੱਚ ਸਰਕਾਰ ਨੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਵਾਪਸ ਲੈਣ ਲਈ ਟਰਾਇਲ ਕੋਰਟ ਵਿੱਚ ਅਰਜ਼ੀ ਦਿੱਤੀ ਸੀ।





