ਆਉਣ ਵਾਲਾ ਸਾਲ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਤੇ ਆਸਾਮ ਵਰਗੇ ਅਹਿਮ ਰਾਜਾਂ ਵਿੱਚ ਅਸੰਬਲੀ ਚੋਣਾਂ ਦੇਖਣ ਦੇ ਨਾਲ-ਨਾਲ 75 ਰਾਜ ਸਭਾ ਸੀਟਾਂ ਦੀਆਂ ਚੋਣਾਂ ਵੀ ਦੇਖੇਗਾ। ਰਾਜ ਸਭਾ ਸੀਟਾਂ ਅਪ੍ਰੈਲ, ਜੂਨ ਤੇ ਨਵੰਬਰ ਵਿੱਚ ਖਾਲੀ ਹੋਣਗੀਆਂ ਤੇ ਇਨ੍ਹਾਂ ਦੀ ਚੋਣ ਤੋਂ ਬਾਅਦ ਹੁਕਮਰਾਨ ਐੱਨ ਡੀ ਏ ਅਤੇ ਆਪੋਜ਼ੀਸ਼ਨ ‘ਇੰਡੀਆ’ ਗੱਠਜੋੜ ਵਿਚਾਲੇ ਸੰਤੁਲਨ ਕਾਫੀ ਬਦਲ ਸਕਦਾ ਹੈ। ਬਿਹਾਰ ਵਿੱਚ ਪੰਜ ਅਤੇ ਯੂ ਪੀ ਵਿੱਚ 10 ਰਾਜ ਸਭਾ ਸੀਟਾਂ ਖਾਲੀ ਹੋਣਗੀਆਂ। ਇਸ ਦੇ ਇਲਾਵਾ ਮਹਾਰਾਸ਼ਟਰ, ਝਾਰਖੰਡ, ਆਂਧਰਾ ਪ੍ਰਦੇਸ਼, ਤਿਲੰਗਾਨਾ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕਈ ਉੱਤਰ-ਪੂਰਬੀ ਰਾਜਾਂ ਵਿੱਚ ਵੀ ਸੀਟਾਂ ਖਾਲੀ ਹੋਣਗੀਆਂ। ਇਨ੍ਹਾਂ ਦੀਆਂ ਚੋਣਾਂ ਦਾ ਕੌਮੀ ਮਹੱਤਵ ਤੇ ਭਵਿੱਖ ਦੇ ਬਿੱਲਾਂ ਦੇ ਏਜੰਡੇ ’ਤੇ ਸੰਭਾਵਤ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਰਾਜ ਸਭਾ ਵਿੱਚ ਮਨਚਾਹਿਆ ਬਹੁਮਤ ਹਾਸਲ ਕਰਨ ਦੇ ਬਾਅਦ ਭਾਜਪਾ ਮਨਮਰਜ਼ੀ ਦੇ ਬਿੱਲ ਪਾਸ ਕਰਵਾ ਸਿਆਸਤ ਦਾ ਕੌਮੀ ਦਿ੍ਰਸ਼ ਬਦਲ ਸਕਦੀ ਹੈ।
2026 ਵਿੱਚ ਜਿਨ੍ਹਾਂ ਸੀਨੀਅਰ ਆਗੂਆਂ ਦਾ ਰਾਜ ਸਭਾ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ, ਉਨ੍ਹਾਂ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ, ਦਿਗਵਿਜੇ ਸਿੰਘ, ਸ਼ਰਦ ਪਵਾਰ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀ ਐੱਲ ਵਰਮਾ, ਰਵਨੀਤ ਸਿੰਘ ਬਿੱਟੂ ਤੇ ਜਾਰਜ ਕੁਰੀਅਨ ਸ਼ਾਮਲ ਹਨ। ਐੱਨ ਡੀ ਏ ਕੋਲ ਇਸ ਵੇਲੇ ਰਾਜ ਸਭਾ ਵਿੱਚ 129 ਸੀਟਾਂ ਹਨ, ਜਦਕਿ ਆਪੋਜ਼ੀਸ਼ਨ ਕੋਲ 78 ਸੀਟਾਂ ਹਨ। ਬਿਹਾਰ ਦੀਆਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋਣੀਆਂ ਹਨ। ਇਹ ਸੀਟਾਂ ਰਾਜਦ ਦੇ ਪੇ੍ਰਮ ਚੰਦ ਗੁਪਤਾ ਤੇ ਅਮਰਿੰਦਰ ਧਾਰੀ ਸਿੰਘ, ਜਨਤਾ ਦਲ (ਯੂ) ਦੇ ਹਰੀਵੰਸ਼ ਨਾਰਾਇਣ ਸਿੰਘ ਤੇ ਕੇਂਦਰੀ ਮੰਤਰੀ ਰਾਮ ਨਾਥ ਠਾਕੁਰ ਅਤੇ ਰਾਸ਼ਟਰੀ ਲੋਕ ਮੋਰਚਾ ਦੇ ਉਪੇਂਦਰ ਕੁਸ਼ਵਾਹਾ ਦੀਆਂ ਹਨ। ਇਨ੍ਹਾਂ ਸੀਟਾਂ ਦੀ ਚੋਣ ਮਾਰਚ ਤੱਕ ਹੋਣ ਦੀ ਉਮੀਦ ਹੈ। ਬਿਹਾਰ ਅਸੰਬਲੀ ਚੋਣਾਂ ਵਿੱਚ ਤਕੜੀ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਤੇ ਜਨਤਾ ਦਲ (ਯੂ) ਦੋ-ਦੋ ਸੀਟਾਂ ਆਸਾਨੀ ਨਾਲ ਜਿੱਤ ਜਾਣਗੇ, ਜਦਕਿ ਇੱਕ ਸੀਟ ਆਪੋਜ਼ੀਸ਼ਨ ਲਿਜਾ ਸਕਦੀ ਹੈ। ਮਹਾਰਾਸ਼ਟਰ ਵਿੱਚ ਅਪ੍ਰੈਲ ਵਿੱਚ ਜਿਹੜੀਆਂ 7 ਸੀਟਾਂ ਖਾਲੀ ਹੋਣੀਆਂ ਹਨ, ਉਨ੍ਹਾਂ ਵਿੱਚ ਸ਼ਰਦ ਪਵਾਰ, ਪਿ੍ਰਅੰਕਾ ਚਤੁਰਵੇਦੀ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਸੀਟ ਸ਼ਾਮਲ ਹੈ। 2024 ਦੀਆਂ ਅਸੰਬਲੀ ਚੋਣਾਂ ਦੇ ਬਾਅਦ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਬਹੁਤ ਬਦਲ ਗਈ ਹੈ, ਜਿਸ ਕਰਕੇ ਸ਼ਰਦ ਪਵਾਰ ਤੇ ਸ਼ਿਵ ਸੈਨਾ (ਯੂ ਬੀ ਟੀ) ਦੀ ਪਿ੍ਰਅੰਕਾ ਚਤੁਰਵੇਦੀ ਦੀ ਵਾਪਸੀ ਦੀਆਂ ਸੰਭਾਵਨਾਵਾਂ ਅਸਪੱਸ਼ਟ ਹਨ। ਹੁਕਮਰਾਨ ਗੱਠਜੋੜ ਬਹੁਤੀਆਂ ਸੀਟਾਂ ਲੈ ਜਾਵੇਗਾ। ਆਪੋਜ਼ੀਸ਼ਨ ਗੱਠਜੋੜ ਵਿੱਚ ਸਭ ਤੋਂ ਵੱਧ ਵਿਧਾਇਕਾਂ ਵਾਲੀ ਕਾਂਗਰਸ ਦੇ ਅੱਗੇ ਰਣਨੀਤਕ ਵਿਕਲਪ ਹਨ ਕਿ ਉਹ ਆਪਣੇ ਉਮੀਦਵਾਰ ਉਤਾਰੇ ਜਾਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਮਾਇਤ ਕਰੇ। ਸੂਬੇ ਵਿੱਚ ਦੋ-ਚਾਰ ਵਿਧਾਇਕ ਇਧਰ-ਉਧਰ ਹੋਣ ਨਾਲ ਕਿਸੇ ਵੀ ਪਾਰਟੀ ਦਾ ਗਣਿਤ ਵਿਗੜ ਸਕਦਾ ਹੈ। ਕਰਨਾਟਕ ਵਿੱਚ ਖੜਗੇ ਤੇ ਦੇਵੇਗੌੜਾ ਕ੍ਰਮਵਾਰ ਜੂਨ ਤੇ ਅਪ੍ਰੈਲ ਵਿੱਚ ਰਿਟਾਇਰ ਹੋਣਗੇ। ਚਾਰ ਸੀਟਾਂ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਹੁਕਮਰਾਨ ਕਾਂਗਰਸ ਤਿੰਨ ਸੀਟਾਂ ਕੱਢ ਸਕਦੀ ਹੈ ਅਤੇ ਕਰਾਸ-ਵੋਟਿੰਗ ਨਾਲ ਆਪੋਜ਼ੀਸ਼ਨ ਵੀ ਇੱਕ ਸੀਟ ਕੱਢ ਸਕਦੀ ਹੈ। ਯੂ ਪੀ ਵਿੱਚ ਭਾਜਪਾ ਕੋਲ 8 ਅਤੇ ਸਮਾਜਵਾਦੀ ਪਾਰਟੀ ਤੇ ਬਸਪਾ ਕੋਲ ਇੱਕ-ਇੱਕ ਸੀਟ ਹੈ। ਅਸੰਬਲੀ ਵਿੱਚ ਭਾਜਪਾ ਦੀ ਤਾਕਤ ਨੂੰ ਦੇਖਦਿਆਂ ਉਹ 8 ਸੀਟਾਂ ਜਿੱਤ ਸਕਦੀ ਹੈ, ਜਦਕਿ ਸਮਾਜਵਾਦੀ ਪਾਰਟੀ ਦੋ ਲਿਜਾ ਸਕਦੀ ਹੈ। ਬਸਪਾ ਦੇ ਪੱਲੇ ਕੋਈ ਸੀਟ ਨਹੀਂ ਪਏਗੀ। ਆਂਧਰਾ, ਛੱਤੀਸਗੜ੍ਹ, ਰਾਜਸਥਾਨ, ਉੱਤਰਾਖੰਡ ਤੇ ਉੱਤਰ-ਪੂਰਬੀ ਰਾਜਾਂ ਵਿੱਚ ਐੱਨ ਡੀ ਏ ਸੀਟਾਂ ਵਧਾ ਸਕਦਾ ਹੈ, ਜਦਕਿ ‘ਇੰਡੀਆ’ ਗੱਠਜੋੜ ਦਾ ਭਵਿੱਖ ਤਾਮਿਲਨਾਡੂ, ਕੇਰਲਾ ਤੇ ਪੱਛਮੀ ਬੰਗਾਲ ਅਸੰਬਲੀਆਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ।



