ਸ਼ਾਹਕੋਟ : ਪਾਕਿਸਤਾਨੀ ਰੇਂਜਰਾਂ ਵੱਲੋਂ ਫੜੇ ਗਏ ਨੌਜਵਾਨ ਦੀ ਪਛਾਣ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭੋਇਪੁਰ, ਥਾਣਾ ਸ਼ਾਹਕੋਟ ਵਜੋਂ ਹੋਈ ਹੈ। 20 ਦਸੰਬਰ ਨੂੰ ਉਹ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਹਿਜੜਾ ਖੇਤਰ ਰਾਹੀਂ ਪਾਕਿਸਤਾਨ ਦੀ ਸਰਹੱਦ ’ਚ ਦਾਖਲ ਹੋਇਆ ਸੀ। ਨੌਜਵਾਨ ਦੀ ਗਿ੍ਰਫਤਾਰੀ ਬਾਰੇ ਸੋਸ਼ਲ ਮੀਡੀਆ ’ਤੇ ਖਬਰਾਂ ਚੱਲਣ ਲੱਗੀਆਂ ਤਾਂ ਇਲਾਕਾ ਸ਼ਾਹਕੋਟ ਵਿੱਚ ਇਕਦਮ ਹੈਰਾਨੀ ਫੈਲ ਗਈ। ਕੁਝ ਦਿਨ ਪਹਿਲਾਂ ਇਸ ਸੰਬੰਧੀ ਬੀ ਐੱਸ ਐੱਫ ਦੇ ਅਧਿਕਾਰੀ ਥਾਣਾ ਸ਼ਾਹਕੋਟ ਵਿੱਚ ਜਾਣਕਾਰੀ ਇਕੱਠੀ ਕਰਨ ਲਈ ਵੀ ਆਏ ਸਨ। ਸਤਨਾਮ ਸਿੰਘ ਮੁਤਾਬਕ ਸ਼ਰਨਦੀਪ ਸਿੰਘ ਨਸ਼ਾ ਕਰਨ ਦਾ ਆਦੀ ਹੈ। ਨਸ਼ਾ ਛੁਡਾਉਣ ਲਈ ਉਸ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਰੱਖਿਆ ਸੀ। ਉਹ ਰੁਸਤਮੇ ਹਿੰਦ ਮੇਹਰਦੀਨ ਦੇ ਪੁੱਤਰ ਮਜੀਦਾ ਦੇ ਅਖਾੜੇ ਵਿੱਚ ਕੁਝ ਸਮੇਂ ਤੱਕ ਭਲਵਾਨੀ ਵੀ ਕਰਦਾ ਰਿਹਾ। 2 ਨਵੰਬਰ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਹ ਘਰੋਂ ਗਿਆ ਸੀ। 6 ਨਵੰਬਰ ਦੀ ਰਾਤ ਨੂੰ ਨੌਜਵਾਨ ਨੇ ਦੱਸਿਆ ਕਿ ਉਹ ਖੇਮਕਰਨ ਦੇ ਪਿੰਡ ਰੱਤੋਕੇ ਤੱਕ ਉਸ ਦੇ ਨਾਲ ਸੀ। ਇਸਤੋਂ ਬਾਅਦ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ 7 ਨਵੰਬਰ ਨੂੰ ਉਸ ਦੇ ਗੁੰਮ ਹੋਣ ਬਾਰੇ ਥਾਣਾ ਸ਼ਾਹਕੋਟ ਵਿੱਚ ਰਪਟ ਦਰਜ ਕਰਵਾਈ ਸੀ। ਹੁਣ ਉਨ੍ਹਾ ਨੂੰ ਸ਼ਰਨਦੀਪ ਸਿੰਘ ਦੀ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗਿ੍ਰਫਤਾਰੀ ਬਾਰੇ ਪਤਾ ਲੱਗਾ ਹੈ।
ਉਨ੍ਹਾ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਉਨ੍ਹਾ ਦੇ ਪੁੱਤਰ ਨੂੰ ਰਿਹਾਅ ਕਰਵਾ ਕੇ ਭਾਰਤ ਵਾਪਸ ਲਿਆਂਦਾ ਜਾਵੇ।
ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੇ ਕਿਹਾ ਕਿ ਸ਼ਰਨਦੀਪ ਸਿੰਘ ਦਾ ਪਰਵਾਰ ਜਦੋਂ ਦਰਖਾਸਤ ਦੇਵੇਗਾ ਤਾਂ ਉਹ ਤੁਰੰਤ ਉਸ ਉੱਪਰ ਕਾਰਵਾਈ ਕਰਕੇ ਉੱਚ ਅਧਿਕਾਰੀਆਂ ਨੂੰ ਸ਼ਰਨਦੀਪ ਸਿੰਘ ਨੂੰ ਰਿਹਾਅ ਕਰਵਾਉਣ ਦੀ ਸਿਫਾਰਸ਼ ਕਰਨਗੇ। ਉਹ ਸ਼ਰਨਦੀਪ ਸਿੰਘ ਨੂੰ ਰਿਹਾਅ ਕਰਵਾਉਣ ’ਚ ਪੀੜਤ ਪਰਵਾਰ ਦੀ ਪੂਰੀ ਮਦਦ ਕਰਨਗੇ।





