ਲਖਨਊ : ਯੂ ਪੀ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ ਐੱਮ ਯੂ) ਦੇ ਕੈਂਪਸ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਸਕੂਲ ਟੀਚਰ ਨੂੰ ਸਿਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ। ਯੂਨੀਵਰਸਿਟੀ ਦੇ ਪ੍ਰੋਕਟਰ ਪ੍ਰੋਫੈਸਰ ਮੁਹੰਮਦ ਵਸੀਮ ਅਲੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਏ ਬੀ ਕੇ ਯੂਨੀਅਨ ਹਾਈ ਸਕੂਲ ਦੇ ਟੀਚਰ ਰਾਓ ਦਾਨਿਸ਼ ਅਲੀ ਨੂੰ ਬੁੱਧਵਾਰ ਰਾਤ ਕਰੀਬ 9 ਵਜੇ ਲਾਇਬ੍ਰੇਰੀ ਦੇ ਨੇੜੇ ਨਿਸ਼ਾਨਾ ਬਣਾਇਆ ਗਿਆ। ਦਾਨਿਸ਼ ਅਲੀ ਦੀ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸਕੂਲ ਵਿੱਚ 11 ਸਾਲ ਤੋਂ ਕੰਪਿਊਟਰ ਦੀ ਸਿੱਖਿਆ ਦੇ ਰਹੇ 45 ਸਾਲਾ ਦਾਨਿਸ਼ ਦੋ ਸਾਥੀਆਂ ਨਾਲ ਘੁੰਮ ਰਹੇ ਸਨ ਜਦੋਂ ਇੱਕ ਸਕੂਟਰ ’ਤੇ ਜੋ ਹਮਲਾਵਰ ਆਏ। ਉਨ੍ਹਾਂ ਤਿੰਨ ਗੋਲੀਆਂ ਮਾਰੀਆਂ, ਜਿਨ੍ਹਾਂ ਵਿੱਚੋਂ ਦੋ ਸਿਰ ਵਿੱਚ ਲੱਗੀਆਂ। ਇੱਕ ਹਮਲਾਵਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਕਿਹਾ, ‘‘ਤੂੰ ਮੈਨੂੰ ਜਾਣਦਾ ਨਹੀਂ, ਹੁਣ ਜਾਣ ਜਾਵੇਂਗਾ।’’ ਐੱਸ ਐੱਸ ਪੀ ਨੀਰਜ ਜਾਦੋਂ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦਾਨਿਸ਼ ਅਲੀ ਦੇ ਪਿਤਾ ਪ੍ਰੋਫੈਸਰ ਹਿਲਾਲ ਤੇ ਮਾਤਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਸਨ। ਉਨ੍ਹਾ ਦੇ ਸਹੁਰਾ ਫਿਜ਼ਾ ਉਲ੍ਹਾ ਚੌਧਰੀ ਮੁਰਾਦਾਬਾਦ ਦੇ ਕੰਤ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਪਰਵਾਰਕ ਮੈਂਬਰ ਨੇ ਦੱਸਿਆ ਕਿ ਦਾਨਿਸ਼ ਉਮਰਾਹ ’ਤੇ ਸਾਉਦੀ ਅਰਬ ਜਾਣ ਦੀ ਯੋਜਨਾ ਬਣਾ ਰਹੇ ਸਨ।





