ਸਾਮਰਾਜ ਵਿਰੋਧੀ ਸਾਂਝੀ ਜੰਗ ਸਮੇਂ ਦੀ ਲੋੜ : ਧਾਲੀਵਾਲ, ਮਾੜੀਮੇਘਾ ਦਵਿੰਦਰ ਸੋਹਲ ਸਕੱਤਰ ਚੁਣੇ ਗਏ
ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ ਦੀ 100ਵੀਂਂ ਵਰ੍ਹੇਗੰਢ ’ਤੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਤ ਖੇਤ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਵਰਨ ਸਿੰਘ ਨਾਗੋਕੇ ਨੂੰ ਸਮਰਪਤ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਤਰਨ ਤਾਰਨ ਦਾ ਡੈਲੀਗੇਟ ਇਜਲਾਸ ਸਥਾਨਕ ਰਾਮਗੜ੍ਹੀਆ ਬੁੰਗਾ ਵਿਖੇ ਸੁਖਚੈਨ ਸਿੰਘ, ਕਿਰਨਜੀਤ ਕੌਰ ਵਲਟੋਹਾ ਤੇ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਕਮਿਊਨਿਸਟ ਆਗੂ ਹਰਭਜਨ ਸਿੰਘ ਤੇ ਭੈਣ ਨਰਿੰਦਰਪਾਲ ਪਾਲ਼ੀ ਨੇ ਨਿਭਾਈ।ਭਾਰਤੀ ਕਮਿਊਨਿਸਟ ਪਾਰਟੀ ਸੂਬਾ ਕਮੇਟੀ ਤਰਫੋਂ ਬਤੌਰ ਅਬਜ਼ਰਵਰ ਨਿਰਮਲ ਸਿੰਘ ਧਾਲੀਵਾਲ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਪਹੁੰਚੇ। ਪੰਜਾਬ ਇਸਤਰੀ ਸਭਾ ਦੇ ਸੂਬਾਈ ਪ੍ਰਧਾਨ ਰਾਜਿੰਦਰ ਪਾਲ ਕੌਰ ਅਤੇ ਖੇਤ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਵੀ ਹਾਜ਼ਰ ਸਨ।ਇਲਾਕਾ ਕਮੇਟੀਆਂ ਵੱਲੋਂ ਚੁਣੇ ਹੋਏ ਡੇਢ ਸੌ ਡੈਲੀਗੇਟ ਪੂਰੇ ਇਨਕਲਾਬੀ ਜੋਸ਼ ਨਾਲ ਸ਼ਾਮਲ ਹੋਏ।
ਇਸ ਡੈਲੀਗੇਟ ਹਾਊਸ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਇੱਕ ਸ਼ਤਾਬਦੀ ਪੂਰੀ ਕਰ ਲਈ ਹੈ। ਇਸ ਸੌ ਸਾਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਅੰਗਰੇਜ਼ ਸਾਮਰਾਜ ਤੋਂ ਅਜ਼ਾਦੀ ਪ੍ਰਾਪਤ ਕਰਨ ਵੇਲੇ ਸ਼ਾਨਾਮੱਤਾ ਹਿੱਸਾ ਪਾਇਆ। ਅਜ਼ਾਦੀ ਤੋਂ ਬਾਅਦ ਵੀ ਮਿਹਨਤਕਸ਼ ਲੋਕਾਂ ਦੀ ਬਰਾਬਰੀ ਤੇ ਖੁਸ਼ਹਾਲੀ ਵਾਸਤੇ ਵੱਡੇ ਮਜ਼ਦੂਰ, ਕਿਸਾਨ ਤੇ ਹੋਰ ਦੱਬੇ-ਕੁਚਲੇ ਲੋਕਾਂ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਬਹੁਤ ਵੱਡੀਆਂ ਜਿੱਤਾਂ ਵੀ ਹਾਸਲ ਕੀਤੀਆਂ। ਇਸ ਕਰਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਹਰੇਕ ਵਰਕਰ ਨੂੰ ਇਸ ਸ਼ਾਨਾਮੱਤੇ ਇਤਿਹਾਸ ’ਤੇ ਮਾਣ ਹੋਣਾ ਚਾਹੀਦਾ ਹੈ।
ਇਜਲਾਸ ਦਾ ਉਦਘਾਟਨ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਨਿਰਮਲ ਸਿੰਘ ਧਾਲੀਵਾਲ ਅਤੇ ਪਿ੍ਰਥੀਪਾਲ ਮਾੜੀਮੇਘਾ ਨੇ ਕਿਹਾ ਕਿ ਅੱਜ ਸਾਡੇ ਦੇਸ਼ ਤੇ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਮਿਹਨਤਕਸ਼ ਜਨਤਾ ਦੇ ਵਿਰੁੱਧ ਕਾਰਜ ਕਰ ਰਹੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਕਾਨੂੰਨ ਬਣਾ ਰਹੀ ਹੈ ਅਤੇ ਮਜ਼ਦੂਰਾਂ, ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਲੇ ਕਾਨੂੰਨ ਤੋੜ ਰਹੀ ਹੈ। ਹੁਣੇ ਹੀ ਪੇਂਡੂ ਗਰੀਬਾਂ ਨੂੰ ਕੁਝ ਰਾਹਤ ਦੇਣ ਵਾਲਾ ਨਰੇਗਾ ਕਾਨੂੰਨ ਤੋੜ ਕੇ ਬਹੁਤ ਘਟੀਆ ਕਿਸਮ ਦਾ ‘ਵਿਕਸਤ ਭਾਰਤ ਜੀਰਾਮ ਜੀ’ ਕਾਨੂੰਨ ਬਣਾ ਦਿੱਤਾ ਹੈ। ਇਸੇ ਤਰ੍ਹਾਂ ਨਵਾਂ ਬਿਜਲੀ ਬਿੱਲ, ਬੀਜ ਬਿੱਲ ਤੇ ਨਵਾਂ ਪ੍ਰਮਾਣੂ ਊਰਜਾ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਸ਼ ਦੀ ਚਾਬੀ ਫੜਾਉਣ ਜਾ ਰਹੀ ਹੈ। ਕੇਂਦਰ ਸਰਕਾਰ ਲਗਾਤਾਰ ਦੇਸ਼ ਵਿਚ ਫਿਰਕੂ ਮਾਹੌਲ ਨੂੰ ਉਤਸ਼ਾਹਤ ਕਰ ਰਹੀ ਹੈ, ਤਾਂ ਕਿ ਦੇਸ਼ ਦੇ ਬਹੁ-ਗਿਣਤੀ ਫ਼ਿਰਕੇ ਨੂੰ ਮੂਰਖ਼ ਬਣਾ ਕੇ ਸਾਮਰਾਜ ਦੀ ਮਦਦ ਕੀਤੀ ਜਾ ਸਕੇ। ਅੱਜ ਦੇਸ਼ ਦੇ ਮਿਹਨਤਕਸ਼ ਵਰਗ, ਜਿਸ ਵਿੱਚ ਨੱਬੇ ਫੀਸਦੀ ਲੋਕ ਹਿੰਦੂ ਭਾਈਚਾਰੇ ਵਿੱਚੋਂ ਹਨ, ਨੂੰ ਬੇਰੁਜ਼ਗਾਰੀ, ਭੁੱਖਮਰੀ ਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ। ਇਸ ਉਪਰੰਤ ਮੌਜੂਦਾ ਸਮੇਂ ਵਿੱਚ ਕੌਮੀ, ਕੌਮਾਂਤਰੀ ਤੇ ਸੂਬਾਈ ਹਾਲਤਾਂ ’ਤੇ ਰਿਪੋਰਟ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਡੈਲੀਗੇਟਾਂ ਸਾਹਮਣੇ ਪੇਸ਼ ਕੀਤੀ। ਪਾਰਟੀ ਵੱਲੋਂ ਪਿਛਲੇ ਸਮੇਂ ਕੀਤੇ ਕੰਮਾਂ ਦੀ ਰਿਪੋਰਟ ਵੀ ਪੇਸ਼ ਕੀਤੀ ਗਈ। ਇਸ ਰਿਪੋਰਟ ’ਤੇ ਕਾਫੀ ਗਿਣਤੀ ਵਿੱਚ ਡੈਲੀਗੇਟਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ।
ਰਿਪੋਰਟ ’ਤੇ ਬਹਿਸ ਤੋਂ ਬਾਅਦ ਕੁਝ ਵਾਧਿਆਂ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਇਸ ਉਪਰੰਤ 53 ਮੈਂਬਰੀ ਨਵੀਂ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ। ਨਵੀਂ ਜ਼ਿਲ੍ਹਾ ਕੌਂਸਲ ਨੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਗੰਡੀਵਿੰਡ ਨੂੰ ਚੁਣਿਆ। ਬਤੌਰ ਇਜਲਾਸ ਪ੍ਰਧਾਨ ਸੁਖਚੈਨ ਸਿੰਘ ਨੇ ਨਵੀਂ ਚੁਣੀ ਆਗੂ ਟੀਮ ਨੂੰ ਵਧਾਈ ਦਿੱਤੀ ਅਤੇ ਆਏ ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ।





