ਫਿਰਕੂ ਧਰੁਵੀਕਰਨ ਵਿਰੁੱਧ ਵੱਡੇ ਤੇ ਸਾਂਝੇ ਸੰਘਰਸ਼ ਦੀ ਲੋੜ : ਬੰਤ ਬਰਾੜ

0
28

ਬਠਿੰਡਾ
(ਪਰਵਿੰਦਰ ਜੀਤ ਸਿੰਘ)
ਸੀ ਪੀ ਆਈ ਵੱਲੋਂ ਸ਼ੁੱਕਰਵਾਰ ਆਪਣੇ ਦਫਤਰ ਆਰੀਆ ਸਮਾਜ ਚੌਕ ਵਿਖੇ ਪਾਰਟੀ ਦਾ 100 ਵਾਂ ਸਥਾਪਨਾ ਦਿਵਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਵੱਲੋਂ ਕੀਤੀ ਗਈ। ਇਸ ਸਮੇਂ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ। ਪ੍ਰੋਗਰਾਮ ਤੋਂ ਬਾਅਦ ਹਰਨੇਕ ਸਿੰਘ ਆਲੀਕੇ ਅਤੇ ਮੱਖਣ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ । ਦੁਨੀਆ ਪੱਧਰ ’ਤੇ ਕਾਰਪੋਰੇਟ ਸ਼ਕਤੀਆਂ ਅਤੇ ਭਾਰਤ ਅੰਦਰ ਚੱਲ ਰਹੀ ਸਰਕਾਰ ਵੱਲੋਂ ਫਿਰਕੂ ਧਰੁਵੀਕਰਨ ਦੀਆਂ ਜੋ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਉਹਨਾਂ ਵਿਰੁੱਧ ਵੱਡੇ ਅਤੇ ਸਾਂਝੇ ਸੰਘਰਸ਼ ਲੜਨ ਦੀ ਲੋੜ ਹੈ।
ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇੱਕ ਅਨੁਸ਼ਾਸਨਬੱਧ ਖੱਬੀ ਲਹਿਰ ਉਸਾਰਨ ਦੀ ਲੋੜ ਹੈ। ਕੇਂਦਰ ਸਰਕਾਰ ਵੱਲੋਂ ਭਾਵੇਂ ਮਜ਼ਦੂਰਾਂ ਉਪਰ ਥੋਪਿਆ ਨਵਾਂ ਨਰੇਗਾ ਕਾਨੂੰਨ ਹੋਵੇ ਜਾਂ ਚਾਰ ਲੇਬਰ ਕੋਡ, ਜਿਸ ਦੁਆਰਾ ਮਜ਼ਦੂਰਾਂ ਦੇ ਹਕੂਕ ਖਤਮ ਕੀਤੇ ਜਾ ਰਹੇ ਹਨ, ਵਿਰੁੱਧ ਲੋਕਾਂ ਦੀ ਵਿਸ਼ਾਲ ਲਾਮਬੰਦੀ ਕਰਨੀ ਪਵੇਗੀ। ਉਹਨਾ ਮੰਗ ਕੀਤੀ ਕਿ ਪ੍ਰਸਤਾਵਿਤ ਬਿਜਲੀ ਬਿੱਲ ਅਤੇ ਸੀਡ ਬਿੱਲ, ਜੋ ਕਿ ਇਹਨਾਂ ਖੇਤਰਾਂ ਅੰਦਰ ਕਾਰਪੋਰੇਟ ਦਾ ਰਾਹ ਖੋਲ੍ਹਣ ਵਾਲੇ ਹਨ ਨੂੰ, ਤੁਰੰਤ ਵਾਪਸ ਲਿਆ ਜਾਵੇ।
ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਵੱਲੋਂ ਪਿਛਲੇ ਤਿੰਨ ਸਾਲ ਦੇ ਕੰਮਾਂ ਦੀ ਰੀਵਿਊ ਰਿਪੋਰਟ ਅਤੇ ਰਾਜਸੀ ਤੇ ਜਥੇਬੰਦਕ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਉਪਰ ਕੌਂਸਲ ਮੈਂਬਰਾਂ ਨੇ ਬਹਿਸ ਕਰਕੇ ਰਿਪੋਰਟ ਵਿੱਚ ਕੁਝ ਵਾਧੇ ਕਰਦਿਆਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਜ਼ਿਲਾ ਕੌਂਸਲ ਵੱਲੋਂ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਬਠਿੰਡਾ ਦਾ ਡੈਲੀਗੇਟ ਇਜਲਾਸ 28 ਜਨਵਰੀ ਨੂੰ ਗੋਨਿਆਣਾ ਮੰਡੀ ਵਿਖੇ ਹੋਵੇਗਾ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪੂਰਨ ਸਿੰਘ ਗੁੰਮਟੀ, ਜੀਤਾ ਸਿੰਘ ਪਿੱਥੋ, ਗੁਰਜੰਟ ਸਿੰਘ ਕੋਟਸ਼ਮੀਰ, ਜਰਨੈਲ ਸਿੰਘ ਯਾਤਰੀ, ਸਰੂਪ ਸਿੰਘ ਭਾਈ ਰੂਪਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਜਸਵਿੰਦਰ ਸਿੰਘ ਭਾਈ ਰੂਪਾ ਅਤੇ ਰਣਜੀਤ ਸਿੰਘ ਮਹਿਰਾਜ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਪ੍ਰਧਾਨਗੀ ਮੰਡਲ ਨੇ ਸੂਬਾ ਲੀਡਰਸ਼ਿਪ ਤੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।