ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਕਿਰਨ ਰਿਜੀਜੂ ਅਤੇ ਭਾਜਪਾ ਆਗੂ ਸੁਨੀਲ ਜਾਖੜ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿਚ ਭਾਜਪਾ ’ਚ ਸ਼ਾਮਲ ਹੋ ਗਏ ਤੇ ਇਸ ਦੇ ਨਾਲ ਹੀ ਆਪਣੀ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਨਾਲ ਰਲਾ ਦਿੱਤਾ। ਖਬਰਾਂ ਦੇ ਉਲਟ ਇਸ ਸੰਬੰਧ ਵਿਚ ਭਾਜਪਾ ਹੈੱਡਕੁਆਰਟਰ ਵਿਚ ਭਾਜਪਾ ਦਾ ਕੋਈ ਵੱਡਾ ਕੇਂਦਰੀ ਆਗੂ ਮੌਜੂਦ ਨਹੀਂ ਹੋਇਆ।
ਕੈਪਟਨ ਤੋਂ ਇਲਾਵਾ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਹਰਚੰਦ ਕੌਰ, ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਮਾਨਸਾ ਤੋਂ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਲੁਧਿਆਣਾ ਤੋਂ ਸਾਬਕਾ ਸਾਂਸਦ ਅਮਰੀਕ ਸਿੰਘ ਧਾਲੀਵਾਲ ਤੇ ਅੰਮਿ੍ਰਤਸਰ ਤੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਵੀ ਭਾਜਪਾ ਵਿਚ ਸ਼ਾਮਲ ਹੋਏ। ਭੱਟੀ ਭੁੱਚੋ ਤੇ ਮਲੋਟ ਤੋਂ ਵਿਧਾਇਕ ਰਹੇ ਹਨ। ਗੋਲਡੀ, ਠੇਕੇਦਾਰ ਤੇ ਮਿੱਤਲ ਪਹਿਲਾਂ ਹੀ ਕੈਪਟਨ ਵੱਲੋਂ ਅਸੰਬਲੀ ਚੋਣਾਂ ਤੋਂ ਪਹਿਲਾਂ ਬਣਾਈ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਜਦਕਿ ਭੱਟੀ ਤੇ ਹਰਚੰਦ ਕੌਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿਚ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ ਸੀ। ਕੈਪਟਨ ਦੇ ਬੇਟੇ ਰਣਇੰਦਰ ਸਿੰਘ ਤੇ ਬੇਟੀ ਜੈਇੰਦਰ ਕੌਰ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਪਤਨੀ ਪਰਨੀਤ ਕੌਰ, ਜੋ ਕਿ ਪਟਿਆਲਾ ਤੋਂ ਕਾਂਗਰਸ ਸਾਂਸਦ ਹਨ, ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਕੈਪਟਨ ਸਵੇਰੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੂੰ ਉਨ੍ਹਾ ਦੇ ਘਰ ਮਿਲੇ ਸਨ।