ਰੂਸੀ ਫੌਜ ’ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ

0
27

ਸ਼ਾਹਕੋਟ/ਸੁਲਤਾਨਪੁਰ ਲੋਧੀ (ਗਿਆਨ ਸੈਦਪੁਰੀ/ਬਲਵਿੰਦਰ ਧਾਲੀਵਾਲ)
ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਨੂੰ ਗਏ ਜਿਹੜੇ ਭਾਰਤੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋ ਗਏ ਸਨ, ਉਨ੍ਹਾਂ ਵਿੱਚੋਂ 10 ਜਣਿਆਂ ਦੀ ਮੌਤ ਹੋ ਗਈ ਹੈ। ਰੂਸੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆਂ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ ਤਿੰਨ ਪੰਜਾਬੀ ਵੀ ਹਨ। ਬਾਕੀ 7 ਨੌਜਵਾਨ ਉੱਤਰ ਪ੍ਰਦੇਸ਼, ਜੰਮੂ ਨਾਲ ਸੰਬੰਧਤ ਸਨ। ਇਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਵਾਂ ’ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ, ਜਿਹੜੇ ਰੂਸ ਫੌਜ ਵਿੱਚ ਭਰਤੀ ਹੋਏ ਸਨ, ਪਰ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ।
ਵਾਪਸ ਪਰਤੇ ਜਗਦੀਪ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ, ਜਿਸ ਵਿੱਚ ਰੂਸੀ ਫੌਜ ਨੇ ਇਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਮਾਰੇ ਗਏ ਨੌਜਵਾਨਾਂ ਦੇ ਮਾਪੇ ਤਾਂ ਆਪਣੇ ਪੁੱਤਰਾਂ ਦੀ ਸੁੱਖ-ਸਾਂਦ ਉਡੀਕ ਰਹੇ ਸਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਪਣਿਆਂ ਦੇ ਯੂਕਰੇਨ-ਰੂਸ ਜੰਗ ਦੀ ਭੇਟ ਚੜ੍ਹ ਜਾਣ ਦੀਆਂ ਖ਼ਬਰਾਂ ਵੀ ਬਹੁਤ ਦੇਰ ਬਾਅਦ ਮਿਲੀਆਂ।ਜਗਦੀਪ ਮੁਤਾਬਕ ਜਿਹੜੇ 10 ਭਾਰਤੀ ਰੂਸ ਦੀ ਫੌਜ ਵਿੱਚ ਮਾਰੇ ਗਏ ਹਨ, ਉਨ੍ਹਾ ਵਿੱਚ ਅੰਮਿ੍ਰਤਸਰ ਦੇ ਤੇਜਪਾਲ ਸਿੰਘ, ਲਖਨਊ ਦੇ ਅਰਵਿੰਦ ਕੁਮਾਰ, ਯੂ ਪੀ ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ ਵਿੱਚ ਦੀਪਕ, ਯੋਗੇਸ਼ਵਰ ਪ੍ਰਸਾਦ, ਅਜ਼ਹਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਲ ਹਨ।
ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨੂੰ ਕੀਤੀ ਗਈ ਸੀ, ਜਿਸ ਦੌਰਾਨ ਉਹਨਾ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ, ਜਿਸ ਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਰਸ਼ੀਅਨ ਆਰਮੀ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਜਗਦੀਪ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਇਸ ਮਾਮਲੇ ਵਿੱਚ ਪੀੜਤ ਪਰਵਾਰਾਂ ਦੀ ਮਦਦ ਕਰ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕੀਤੀ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਵਾਰਾਂ ਵਿੱਚ ਪਹੁੰਚ ਗਏ ਹਨ।
ਜਗਦੀਪ ਨੂੰ ਆਪਣੇ ਭਰਾ ਮਨਦੀਪ ਬਾਰੇ ਕੁਝ ਵੀ ਨਹੀਂ ਪਤਾ ਲੱਗਾ ਤਾਂ ਉਸ ਨੇ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀ। ਰਸ਼ੀਆ ਜਾਣ ਲਈ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਗਦੀਪ ਨੇ ਦੱਸਿਆ ਕਿ ਉਹ 2 ਵਾਰ ਰਸ਼ੀਆ ਜਾ ਚੁੱਕੇ ਹਨ। ਪਹਿਲੀ ਫੇਰੀ ਦੌਰਾਨ 21 ਦਿਨਾਂ ਵਿੱਚ ਉਹ ਫਸੇ ਭਾਰਤੀ ਤੇ ਖਾਸਕਰ ਪੰਜਾਬੀ ਨੌਜਵਾਨਾਂ ਦੀ ਭਾਲ ਕਰਦੇ ਰਹੇ। ਰੂਸੀ ਭਾਸ਼ਾ ਦੀ ਸਮੱਸਿਆ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੂਜੀ ਵਾਰ ਉਹ 2 ਮਹੀਨੇ ਉੱਥੇ ਰਹੇ ਤੇ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਸੰਤ ਬਲਬੀਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਰ-ਰਸੂਖ ਵਰਤ ਕੇ ਰੂਸੀ ਫੌਜ ਵਿੱਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ’ਤੇ ਮੁਕੰਮਲ ਰੋਕ ਲਗਾਵੇ। ਉਹਨਾ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਸ਼ੀਅਨ ਆਰਮੀ ਵਿੱਚ ਜਿਹੜੇ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀਆਂ ਮਿ੍ਰਤਕ ਦੇਹਾਂ ਪਰਵਾਰਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ, ਤਾਂ ਜੋ ਪੀੜਤ ਪਰਵਾਰ ਆਪਣੇ ਬੱਚਿਆਂ ਦੇ ਅੰਤਮ ਸੰਸਕਾਰ ਆਪਣੇ ਰੀਤੀ-ਰਿਵਾਜਾਂ ਮੁਤਾਬਕ ਕਰ ਸਕਣ। ਉਹਨਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ ਵਿੱਚ ਭਰਤੀ ਕਰਵਾ ਰਹੇ ਹਨ, ਉਹਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਦੁੱਖ ਦੇ ਸਮੇਂ ਉਹਨਾ ਦੀ ਹਮਦਰਦੀ ਪੀੜਤ ਪਰਵਾਰਾਂ ਦੇ ਨਾਲ ਹੈ।