ਸਾਂਝੇ ਸੰਘਰਸ਼ ਨਾਲ ਚੰਗੇ ਨਤੀਜੇ ਕੱਢਣ ਦੀ ਆਸ ਬੱਝੀ

0
30

ਸ਼ਾਹਕੋਟ (ਗਿਆਨ ਸੈਦਪੁਰੀ)
ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਕਿਰਤ ਕੋਡਾਂ ਦਾ ਵਿਰੋਧ ਕਰਨ ਅਤੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਾਹਕੋਟ ਇਲਾਕੇ ਵਿੱਚ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਪਿੰਡ ਢੰਡੋਵਾਲ, ਕਾਕੜਾ, ਸਾਦਕਪੁਰ, ਤਲਵੰਡੀ, ਅਕਬਰਪੁਰ ਕਲਾਂ ਤੇ ਪਰਜੀਆਂ ਕਲਾਂ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਲਗਭਗ 25 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਕੇ ਮਾਡਲ ਥਾਣਾ ਸ਼ਾਹਕੋਟ ਅੱਗੇ ਸਮਾਪਤ ਹੋਇਆ। ਇਸ ਤੋਂ ਇਲਾਵਾ ਪਹਿਲਾਂ ਮਾਰਚ ਨੇ ਦਾਣਾ ਮੰਡੀ ਪਰਜੀਆਂ ਕਲਾਂ ਵਿਖੇ ਪੜਾਅ ਕੀਤਾ। ਇੱਥੇ ਸੁਖਵਿੰਦਰ ਟੋਨੀ ਆੜ੍ਹਤੀਆ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਆੜ੍ਹਤੀਆ ਨੇ ਮਾਰਚ ਦਾ ਸਵਾਗਤ ਕੀਤਾ। ਮਾਰਚ ਦੌਰਾਨ ਜ਼ੋਰਦਾਰ ਨਾਹਰੇ ਲੱਗਦੇ ਰਹੇ ਅਤੇ ਨਾਲ ਹੀ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਫਿਜ਼ਾਵਾਂ ’ਚ ਗੂੰਜਦੇ ਰਹੇ। ਮੋਟਰਸਾਈਕਲ ਮਾਰਚ ਦੀ ਸ਼ੁਰੂਆਤ, ਪੜਾਅ ਤੇ ਸਮਾਪਤੀ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਹਣ ਸਿੰਘ ਬੱਲ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਵਰਿੰਦਰ ਪਾਲ ਕਾਲਾ, ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ, ਬਲਵੰਤ ਸਿੰਘ ਮਲਸੀਆਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ( ਲੱਖੋਵਾਲ) ਦੇ ਸੂਬਾਈ ਆਗੂ ਬਲਦੇਵ ਸਿੰਘ ਜੋਸਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਵਰਨ ਸਿੰਘ ਭੋਏਪੁਰੀ, ਤਰਕਸ਼ੀਲ ਸੁਸਾਇਟੀ ਦੇ ਆਗੂ ਜਿੰਦਰ ਬਾਗਪੁਰ, ਅਮਨ ਬਾਗਪੁਰ ਬਿੱਟੂ ਰੂਪੇਵਾਲੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੀਬੀ ਗੁਰਬਖਸ਼ ਕੌਰ, ਡੀ ਟੀ ਐੱਫ ਦੇ ਆਗੂ ਗੁਰਮੀਤ ਸਿੰਘ ਕੋਟਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੱਖਣ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੁਲਜੀਤ ਸਿੰਘ ਸਲੇਮਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਲੋਕ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਸਾਰੇ ਵਰਗਾਂ ਦੀ ਏਕਤਾ ਤੇ ਸਿਰੜ ਬਦੌਲਤ ਹੀ ਹੋ ਸਕੀ ਸੀ। ਆਗੂਆਂ ਇਹ ਵੀ ਕਿਹਾ ਕਿ ਜਿੰਨੇ ਤਿੰਨ ਖੇਤੀ ਕਾਨੂੰਨ ਖਤਰਨਾਕ ਸਨ, ਓਨੇ ਹੀ ਬਿਜਲੀ ਸੋਧ ਬਿੱਲ 2025 ਅਤੇ ਮਨਰੇਗਾ ਦੀ ਥਾਂ ਨਵਾਂ ‘ਜੀ ਰਾਮ ਜੀ’ ਵਰਗੇ ਬਿੱਲ ਤੇ ਕਾਨੂੰਨ ਘਾਤਕ ਹਨ। ਇਹਨਾਂ ਵਿਰੁੱਧ ਵੀ ਕਿਸਾਨ ਅੰਦੋਲਨ ਵਰਗਾ ਅੰਦੋਲਨ ਕਰਨਾ ਪੈਣਾ ਹੈ।ਏਕਤਾ ਤੇ ਸੰਘਰਸ਼ ਲਈ ਸਭ ਧਿਰਾਂ ਦੀ ਸਾਂਝੀ ਮੁਹਿੰਮ, ਜੋ ਸੰਯੁਕਤ ਕਿਸਾਨ ਮੋਰਚੇ ਦੀ ਪਹਿਲ ’ਤੇ ਸ਼ੁਰੂ ਹੋਈ ਹੈ, ਚੰਗੇ ਨਤੀਜੇ ਕੱਢਣ ਦੀ ਆਸ ਪੈਦਾ ਕਰਦੀ ਹੈ। ਹੋਰਨਾਂ ਤੋਂ ਇਲਾਵਾ ਜਥੇਦਾਰ ਕੇਵਲ ਸਿੰਘ ਰੂਪੇਵਾਲੀ, ਬਚਿੱਤਰ ਸਿੰਘ ਤੱਗੜ, ਨਿਰਮਲ ਸਿੰਘ ਜਹਾਂਗੀਰ, ਸੁਰਜੀਤ ਸਿੰਘ ਸਮਰਾ, ਜਸਪਾਲ ਸਿੰਘ ਸੰਢਾਂਵਾਲ, ਬਲਕਾਰ ਸਿੰਘ ਫਾਜਲਵਾਲ, ਮਲਕੀਤ ਸਿੰਘ ਈਦਾ, ਰਣਜੀਤ ਸਿੰਘ, ਹੰਸ ਰਾਜ ਪੱਬਵਾਂ, ਬੂੜ ਸਿੰਘ, ਰਿੰਕੂ ਮੀਏਵਾਲ, ਕੇਵਲ ਸਿੰਘ ਕੋਟਲੀ, ਚੰਨਾ ਯੋਧਾ, ਦਰਸ਼ਨ ਰਾਜੇਵਾਲ, ਪੰਮਾ ਦਾਨੇਵਾਲ, ਬੂਟਾ ਸਿੰਘ ਮੁਰੀਦਵਾਲ, ਸੰਤੋਖ ਸਿੰਘ ਸਿੰਧੜ, ਕਰਮਜੀਤ ਸਿੰਘ ਮੁਰੀਦਵਾਲ, ਰਜਿੰਦਰ ਕੁਮਾਰ ਹੈਪੀ, ਜਗੀਰ ਸਿੰਘ ਕਾਸੂਪੁਰ, ਸੰਦੀਪ ਸਿੰਘ ਤੇ ਨਿਰਮਲ ਸਿੰਘ ਸਲੈਚਾਂ ਆਦਿ ਮੌਜੂਦ ਸਨ।