ਬੀਜਿੰਗ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੋਵਾਂ ਦੇਸ਼ਾਂ ਦੇ ਫੌਜੀ ਟਕਰਾਅ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਸੁਲਝਾਉਣ ਲਈ ਵਿਚੋਲਗੀ ਕੀਤੀ ਸੀ | ਮੰਗਲਵਾਰ ਨੂੰ ਕੌਮਾਂਤਰੀ ਸਥਿਤੀ ਅਤੇ ਚੀਨ ਦੇ ਵਿਦੇਸ਼ੀ ਸੰਬੰਧਾਂ ਬਾਰੇ ਇੱਕ ਸਿੰਪੋਜ਼ੀਅਮ ਵਿੱਚ ਬੋਲਦਿਆਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਬੀਜਿੰਗ ਨੇ ਭਾਰਤ-ਪਾਕਿਸਤਾਨ ਡੈੱਡਲਾਕ ਸਮੇਤ ਕਈ ਵਿਸ਼ਵਵਿਆਪੀ ਸੰਘਰਸ਼ਾਂ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ ਹੈ | ਵਾਂਗ ਨੇ ਕਿਹਾ ਕਿ ਚੀਨ ਨੇ ਉੱਤਰੀ ਮਿਆਂਮਾਰ, ਈਰਾਨ ਪ੍ਰਮਾਣੂ ਮੁੱਦੇ, ਫਲਸਤੀਨ-ਇਜ਼ਰਾਈਲ ਅਤੇ ਹਾਲ ਹੀ ਵਿੱਚ ਕੰਬੋਡੀਆ-ਥਾਈਲੈਂਡ ਵਿਵਾਦ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਦੇ ਤਣਾਅ ਨੂੰ ਹੱਲ ਕਰਨ ਲਈ ਨਿਰਪੱਖ ਪਹੁੰਚ ਅਪਣਾਈ ਸੀ | ਇਹ ਟਕਰਾਅ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਦੇ ਜਵਾਬ ਵਿੱਚ ਭਾਰਤ ਨੇ ‘ਅਪ੍ਰੇਸ਼ਨ ਸਿੰਧੂਰ’ ਰਾਹੀਂ ਪਾਕਿਸਤਾਨ ‘ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ | ਹਾਲਾਂਕਿ, ਭਾਰਤ ਨੇ ਹਮੇਸ਼ਾ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ 10 ਮਈ ਨੂੰ ਦੋਵਾਂ ਦੇਸ਼ਾਂ ਦੇ ਡੀ ਜੀ ਐਮ ਓਜ਼ ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੀ ਫੌਜੀ ਕਾਰਵਾਈ ਰੁਕੀ ਸੀ |
ਦੂਜੇ ਪਾਸੇ, ਅਮਰੀਕੀ ਰਿਪੋਰਟਾਂ ਵਿੱਚ ਚੀਨ ‘ਤੇ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਗਲਤ ਜਾਣਕਾਰੀ ਫੈਲਾਉਣ ਅਤੇ ਭਾਰਤੀ ਰਫਾਲ ਜਹਾਜ਼ਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵੀ ਲੱਗੇ ਸਨ | ਕਾਂਗਰਸ ਨੇ ਕਿਹਾ ਕਿ ਚੀਨ ਦਾ ਦਾਅਵਾ ਚਿੰਤਾਜਨਕ ਹੈ ਅਤੇ ਭਾਰਤ ਦੇ ਲੋਕ ਸਰਕਾਰ ਤੋਂ ਸਪੱਸ਼ਟਤਾ ਚਾਹੁੰਦੇ ਹਨ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾਅਵੇ ‘ਤੇ ਆਪਣੀ ਚੁੱਪੀ ਤੋੜਨ | ਦੇਸ਼ ਦੀ ਕੌਮੀ ਸੁਰੱਖਿਆ ਦਾ ਮਜ਼ਾਕ ਬਣ ਗਿਆ ਹੈ | ਉਨ੍ਹਾ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਤੇ ਪਾਕਿਸਤਾਨ ਨੂੰ ਲੜਨੋਂ ਹਟਾਉਣ ਦਾ 65 ਵਾਰ ਦਾਅਵਾ ਕਰ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਨੇ ਆਪਣੇ ਅਖੌਤੀ ਦੋਸਤ ਦੇ ਦਾਅਵਿਆਂ ਬਾਰੇ ਮੂੰਹ ਬੰਦ ਹੀ ਰੱਖਿਆ ਹੋਇਆ ਹੈ | ਹੁਣ ਚੀਨੀ ਵਿਦੇਸ਼ ਮੰਤਰੀ ਨੇ ਦਾ ਅਵਾ ਕਰ ਦਿੱਤਾ ਹੈ |
ਡਿਪਟੀ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਰਾਹੁਲ ਸਿੰਘ ਨੇ ਚਾਰ ਜੁਲਾਈ 2025 ਨੂੰ ਜਨਤਕ ਤੌਰ ‘ਤੇ ਕਿਹਾ ਸੀ ਕਿ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤ ਅਸਲ ਵਿੱਚ ਚੀਨ ਨਾਲ ਸਿੱਝ ਰਿਹਾ ਸੀ | ਰਮੇਸ਼ ਨੇ ਕਿਹਾ ਕਿ ਚੀਨ ਦੀ ਪਾਕਿਸਤਾਨ ਨਾਲ ਡੂੰਘੀ ਆੜੀ ਹੈ ਅਤੇ ਉਸ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦਾ ਦਾਅਵਾ ਚਿੰਤਾਜਨਕ ਹੈ | ਇਹ ਸਿਰਫ ਇਸ ਕਰਕੇ ਨਹੀਂ ਕਿ ਉਸ ਨੇ ਦੇਸ਼ ਦੇ ਲੋਕਾਂ ਨੂੰ ਦਿਵਾਏ ਗਏ ਵਿਸ਼ਵਾਸ ਦੇ ਉਲਟ ਕਿਹਾ ਹੈ, ਸਗੋਂ ਇਸ ਕਰਕੇ ਵੀ ਹੈ ਕਿ ਦਾਅਵੇ ਕਰਨ ਵਾਲਿਆਂ ਨੇ ਭਾਰਤ ਦੀ ਕੌਮੀ ਸੁਰੱਖਿਆ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ |


