ਇੰਦੌਰ : ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਇੰਦੌਰ ‘ਚ ਦੂਸ਼ਿਤ ਪਾਣੀ ਨਾਲ 9 ਲੋਕ ਮਾਰੇ ਗਏ ਹਨ | ਪੰਜ ਮਹੀਨੇ ਦੇ ਅਵਯਾਨ ਸਾਹੂ ਸਣੇ 4 ਨੇ ਬੁੱਧਵਾਰ ਦਮ ਤੋੜਿਆ | 100 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਹਨ | ਮੇਅਰ ਪੁਸ਼ਯਮਿਤਰਾ ਭਾਰਗਵ ਨੇ 7 ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਦਕਿ ਕਈ ਲੋਕ ਵੱਧ ਮੌਤਾਂ ਦੀ ਗੱਲ ਕਹਿ ਰਹੇ ਹਨ | ਮੇਅਰ ਨੇ ਕਿਹਾ, ‘ਸਿਹਤ ਵਿਭਾਗ ਨੇ ਭਾਗੀਰਥਪੁਰਾ ਵਿੱਚ ਉਲਟੀਆਂ-ਟੱਟੀਆਂ ਨਾਲ ਤਿੰਨ ਮੌਤਾਂ ਦੀ ਗੱਲ ਕਹੀ ਹੈ, ਪਰ ਮੇਰੀ ਜਾਣਕਾਰੀ ਮੁਤਾਬਕ ਹਸਪਤਾਲਾਂ ਵਿੱਚ ਚਾਰ ਹੋਰ ਲੋਕਾਂ ਨੇ ਵੀ ਦਮ ਤੋੜਿਆ ਹੈ |’ ਭਾਰਗਵ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਪਾਈਪ ਵਿੱਚ ਡਰੇਨੇਜ ਦਾ ਪਾਣੀ ਵੜਨ ਕਾਰਨ ਲੋਕ ਬਿਮਾਰ ਹੋਏ | ਡੀ ਸੀ ਸ਼ਿਵਮ ਵਰਮਾ ਨੇ ਦੱਸਿਆ ਕਿ ਡਾਕਟਰਾਂ ਨੇ ਦੂਸ਼ਿਤ ਪਾਣੀ ਨਾਲ ਚਾਰ ਮੌਤਾਂ ਦੀ ਪੁਸ਼ਟੀ ਕੀਤੀ ਹੈ | 149 ਮਰੀਜ਼ 27 ਹਸਪਤਾਲਾਂ ਵਿੱਚ ਦਾਖਲ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਛੇ ਔਰਤਾਂ ਹਨ | ਮੁੱਖ ਮੰਤਰੀ ਮੋਹਨ ਯਾਦਵ ਨੇ ਮਿ੍ਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਅਤੇ ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਕਰਾਉਣ ਦਾ ਐਲਾਨ ਕੀਤਾ ਹੈ |
ਭਾਗੀਰਥਪੁਰਾ ਸ਼ਹਿਰੀ ਵਿਕਾਸ ਤੇ ਹਾਊਸਿੰਗ ਮੰਤਰੀ ਕੈਲਾਸ਼ ਵਿਜੇਵਰਗੀਆ ਦੇ ਅਸੈਂਬਲੀ ਹਲਕੇ ਵਿੱਚ ਪੈਂਦਾ ਹੈ | ਉਨ੍ਹਾ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮੌਤਾਂ ਹੋਈਆਂ ਹਨ |





