ਨਸ਼ੇੜੀ ਡਰੋਨ ਫੁੰਡਣ ਲਈ ਕੇਂਦਰ ਤੋਂ 175 ਕਰੋੜ ਮੰਗੇ

0
27

ਚੰਡੀਗੜ੍ਹ : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਹੈ ਕਿ ਸੁਰੱਖਿਆ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਅਗਲੇ ਵਿੱਤੀ ਸਾਲ ਵਿੱਚ 17 ਨਵੇਂ ਐਂਟੀ-ਡਰੋਨ ਸਿਸਟਮ ਖਰੀਦਣ ਲਈ ਕੇਂਦਰ ਸਰਕਾਰ ਤੋਂ 175 ਕਰੋੜ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਹੈ | ਵਰਤਮਾਨ ਵਿੱਚ ਤਿੰਨ ਸਿਸਟਮ ਸਰਹੱਦੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਅਤੇ ਛੇ ਹੋਰ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ | ਡੀ ਜੀ ਪੀ ਨੇ ਖੁਲਾਸਾ ਕੀਤਾ ਕਿ ਸੰਗਠਤ ਅਪਰਾਧ ਨੂੰ ਵਿਗਿਆਨਕ ਤਰੀਕੇ ਨਾਲ ਨਜਿੱਠਣ ਲਈ ਪੰਜਾਬ ਪੁਲਸ ਦੋ ਨਵੇਂ ਸਾਫਟਵੇਅਰ ਲਾਂਚ ਕਰੇਗੀ | ਇਸ ਵਿੱਚ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀ ਏ ਆਈ ਐੱਸ) ਦਾ ਅਪਗ੍ਰੇਡਿਡ ਵਰਜ਼ਨ ਸ਼ਾਮਲ ਹੈ, ਜਿਸ ਵਿੱਚ ਅਪਰਾਧੀਆਂ ਦੀ ਆਵਾਜ਼ ਦੀ ਪਛਾਣ (ਵਾਇਸ ਐਨਾਲਿਸਿਸ) ਅਤੇ ਚਿਹਰੇ ਦੀ ਪਛਾਣ (ਫੇਸ਼ੀਅਲ ਰੈਕੋਗਨੀਸ਼ਨ) ਦੀ ਸਹੂਲਤ ਹੋਵੇਗੀ | ਇਸ ਤੋਂ ਇਲਾਵਾ ਇੱਕ ਨਵਾਂ ਸਰਚ ਸਿਸਟਮ ਵੀ ਚਾਲੂ ਕੀਤਾ ਜਾਵੇਗਾ, ਜਿਸ ਨੂੰ ਕੌਮੀ ਜਾਂਚ ਏਜੰਸੀ (ਏ ਐੱਨ ਆਈ) ਦੇ ਡਾਟਾਬੇਸ ਨਾਲ ਜੋੜਿਆ ਗਿਆ ਹੈ | ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਸ ਹੁਣ ਨਸ਼ਾ ਤਸਕਰਾਂ ਦੀ ਆਰਥਕ ਕਮਰ ਤੋੜਨ ‘ਤੇ ਧਿਆਨ ਕੇਂਦਰਤ ਕਰੇਗੀ | ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਨੂੰ ਹੋਰ ਆਧੁਨਿਕ ਬਣਾਇਆ ਜਾ ਰਿਹਾ ਹੈ ਅਤੇ ਮਾਰਚ ਤੱਕ ਲੁਧਿਆਣਾ, ਫਿਰੋਜ਼ਪੁਰ ਅਤੇ ਜਲੰਧਰ ਵਿੱਚ ਇਸ ਦੇ ਨਵੇਂ ਦਫਤਰ ਖੋਲ੍ਹ ਦਿੱਤੇ ਜਾਣਗੇ | ਨਾਲ ਹੀ, ਵਿਦੇਸ਼ ਭੱਜਣ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਪਾਸਪੋਰਟ ਸਿਸਟਮ ਨੂੰ ਸਿੱਧਾ ਅਪਰਾਧਕ ਰਿਕਾਰਡ ਨਾਲ ਜੋੜਿਆ ਜਾਵੇਗਾ |
ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 585 ਅਹਿਮ ਥਾਵਾਂ ‘ਤੇ 2,300 ਤੋਂ ਵੱਧ ਸੀ ਸੀ ਟੀ ਵੀ ਕੈਮਰੇ ਲਗਾਏ ਜਾ ਰਹੇ ਹਨ, ਜੋ ਮਾਰਚ ਤੱਕ ਤਿਆਰ ਹੋ ਜਾਣਗੇ | ਇਸ ਦੇ ਨਾਲ ਹੀ 112 ਹੈੱਲਪਲਾਈਨ ਦਾ ਰਿਸਪਾਂਸ ਟਾਈਮ ਘਟਾ ਕੇ 7-8 ਮਿੰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਇਸ ਮਕਸਦ ਲਈ ਮੁਹਾਲੀ ਦੇ ਸੈਕਟਰ 89 ਵਿੱਚ 200 ਕਰੋੜ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਕੰਟਰੋਲ ਸਿਸਟਮ ਸਥਾਪਤ ਕੀਤਾ ਜਾਵੇਗਾ ਅਤੇ ਪੁਲਸ ਵਾਹਨਾਂ ਨੂੰ ਅਪਗ੍ਰੇਡ ਕਰਨ ਲਈ 125 ਕਰੋੜ ਰੁਪਏ ਖਰਚੇ ਜਾਣਗੇ |