ਚੰਡੀਗੜ੍ਹ : ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਹੁਣ ਦੱਖਣੀ ਭਾਰਤ ਦੀ ਤਾਮਿਲ ਭਾਸ਼ਾ ਵਿੱਚ ਵੀ ਗਾਇਆ ਜਾਵੇਗਾ | ਚੇਨਈ ਵਿੱਚ ਚੱਲ ਰਹੇ ਮਾਰਗਜ਼ੀਲ ਮੱਕਲ ਈਸਾਈ ਉਤਸਵ ਦੌਰਾਨ ਪ੍ਰਸਿੱਧ ਫਿਲਮ ਨਿਰਮਾਤਾ ਪਾ ਰੰਜੀਤ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਤ ਪਹਿਲਾ ਤਾਮਿਲ ਗੀਤ ‘ਸਿ੍ਸ਼ਟੀ-ਕੀ-ਚਾਦਰ—ਗੁਰੂ ਤੇਗ ਬਹਾਦਰ ਜੀ ‘ ਰਿਲੀਜ਼ ਕੀਤਾ ਗਿਆ | ਬਹੁਜਨ ਦ੍ਰਾਵਿੜ ਪਾਰਟੀ (ਬੀ ਡੀ ਪੀ) ਦੇ ਬਾਨੀ ਜੀਵਨ ਸਿੰਘ ਵੱਲੋਂ ਲਿਖੇ ਗਏ ਇਸ ਗੀਤ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸਮੁੱਚੀ ਮਾਨਵਤਾ ਦੇ ਰੱਖਿਅਕ ਵਜੋਂ ਪੇਸ਼ ਕੀਤਾ ਗਿਆ ਹੈ | ਗੀਤ ਦੇ ਬੋਲ ਗੁਰੂ ਸਾਹਿਬ ਵੱਲੋਂ ਧਾਰਮਕ ਕੱਟੜਤਾ ਅਤੇ ਜਾਤੀਵਾਦ ਵਿਰੁੱਧ ਲੜੀ ਗਈ ਜੰਗ ਨੂੰ ਬਾਖੂਬੀ ਬਿਆਨ ਕਰਦੇ ਹਨ | ਇਸ ਨੂੰ ਪੁਧੂਵਈ ਸਿੱਥਨ ਜੈਮੂਰਤੀ, ਐੱਮ. ਫ਼ਰੀਦਾ ਅਤੇ ਪੀ. ਸਮਾਨਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਗੀਤ ਦੀ ਵੀਡੀਓ ਵਿੱਚ ਆਧੁਨਿਕ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੇ ਗਏ ਦਿ੍ਸ਼ਾਂ ਦੇ ਨਾਲ-ਨਾਲ ‘ਸਕੂਲ ਆਫ ਮੀਰੀ ਪੀਰੀ ਤਾਮਿਲਨਾਡੂ’ ਦੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ | ਵੀਡੀਓ ਵਿੱਚ ਤਾਮਿਲ ਅਤੇ ਪੰਜਾਬੀ ਸਿੱਖਾਂ ਨੂੰ ਇਕੱਠੇ ਲੰਗਰ ਸੇਵਾ ਕਰਦੇ ਦਿਖਾ ਕੇ ਬਰਾਬਰੀ ਦਾ ਸੁਨੇਹਾ ਦਿੱਤਾ ਗਿਆ ਹੈ, ਜੋ ਸਿੱਖੀ ਅਤੇ ਦ੍ਰਾਵਿੜ ਵਿਚਾਰਧਾਰਾ ਦੇ ਆਪਸੀ ਸਾਂਝੇ ਸਿਧਾਂਤਾਂ ਨੂੰ ਦਰਸਾਉਂਦਾ ਹੈ | ਇਸ ਸੱਭਿਆਚਾਰਕ ਸਾਂਝ ਦੇ ਪਿੱਛੇ ਇੱਕ ਡੂੰਘਾ ਸੰਬੰਧ ਹੈ |
ਸਾਲ 2021 ਵਿੱਚ ਦਿੱਲੀ ਦੇ ਸਿੰਘੂ ਬਾਰਡਰ ‘ਤੇ ਹੋਏ ਕਿਸਾਨ ਅੰਦੋਲਨ ਦੌਰਾਨ ਤਾਮਿਲਨਾਡੂ ਤੋਂ ਲਗਭਗ 200 ਲੋਕ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਸਿੱਖੀ ਜੀਵਨ ਜਾਚ ਨੂੰ ਅਪਣਾ ਲਿਆ | ਇਸੇ ਸਾਂਝ ਕਾਰਨ ਬੀ ਡੀ ਪੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 7 ਤਾਮਿਲ ਸਿੱਖ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ |
ਗੀਤ ਦੇ ਰਿਲੀਜ਼ ਮੌਕੇ ਯੂਨਾਈਟਿਡ ਸਿੱਖਇਜ਼ਮ ਤਾਮਿਲਨਾਡੂ ਦੇ ਡਾਇਰੈਕਟਰ ਸੁਰਜੀਤ ਸਿੰਘ ਅਤੇ ਹੋਰ ਪ੍ਰਮੁੱਖ ਸਿੱਖ ਸ਼ਖਸੀਅਤਾਂ ਹਾਜ਼ਰ ਸਨ | ਬੁਲਾਰਿਆਂ ਨੇ ਕਿਹਾ ਕਿ ਇਹ ਗੀਤ ਸਿਰਫ ਇੱਕ ਰਚਨਾ ਨਹੀਂ, ਸਗੋਂ ਸਮਾਜੀ ਬਰਾਬਰੀ ਲਈ ਲੜਨ ਵਾਲੀਆਂ ਦੋ ਮਹਾਨ ਲਹਿਰਾਂ (ਦ੍ਰਾਵਿੜ ਅਤੇ ਸਿੱਖ) ਦੇ ਆਪਸੀ ਮਿਲਾਪ ਦਾ ਪ੍ਰਤੀਕ ਹੈ |





