ਅੰਦੋਲਨ ਹੀ ਸੁਨਹਿਰੇ ਭਵਿੱਖ ਦੀ ਗਰੰਟੀ

0
23

ਨਵੇਂ ਸਾਲ ਦੀ ਆਮਦ ਤੋਂ ਐਨ ਪਹਿਲਾਂ ਦੋ ਜਨ-ਅੰਦੋਲਨਾਂ ਨੂੰ ਅਦਾਲਤ ਤੋਂ ਮਿਲੀ ਕਾਮਯਾਬੀ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲਾ ਸਾਲ ਆਗੂਆਂ ਦਾ ਨਹੀਂ, ਜਨ-ਅੰਦੋਲਨਾਂ ਦਾ ਹੋਵੇਗਾ, ਜਿਸ ਦੀ ਲੋੜ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਸੀ | ਕਿਹਾ ਜਾਂਦਾ ਹੈ ਕਿ ਜਦ ਅੱਤਵਾਦੀ ਤਾਕਤਾਂ ਹਾਵੀ ਹੋਣ ਲਗਦੀਆਂ ਹਨ ਤਾਂ ਜਨ-ਅੰਦੋਲਨ ਉਨ੍ਹਾਂ ਨੂੰ ਪਟਖਣੀ ਦੇਣੀ ਸ਼ੁਰੂ ਕਰ ਦਿੰਦੇ ਹਨ | ਪਿਛਲੇ ਦਿਨੀਂ ਵੱਡੇ ਜਨ-ਅੰਦੋਲਨ ਦਾ ਬਿਗਲ ਰਾਜਸਥਾਨ ਦੇ ਲੋਕਾਂ ਨੇ ਅਰਾਵਲੀ ਪਰਬਤ ਲੜੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਖਿਲਾਫ ਵਜਾਇਆ, ਜਿਸ ਦੇ ਨਤੀਜੇ ਵਜੋਂ 100 ਮੀਟਰ ਤੋਂ ਹੇਠਾਂ ਵਿਸ਼ਾਲ ਅਰਾਵਲੀ ਪਠਾਰੀ ਖੇਤਰ ਦੀ ਹੋ ਰਹੀ ਲੁੱਟ-ਚੋਂਘ ਦਾ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈ ਕੇ ਆਪਣੇ ਹੀ ਪਹਿਲੇ ਹੁਕਮ ‘ਤੇ ਰੋਕ ਲਾ ਦਿੱਤੀ | ਇਸ ਨਾਲ ‘ਕਾਰਪੋਰੇਟੀ ਸੂਰਮਿਆਂ’ ਨੂੰ ਡੂੰਘਾ ਫੱਟ ਲੱਗੇਗਾ | ਅਰਾਵਲੀ ਦੀ ਖੁਦਾਈ ਬੜੀ ਤੇਜ਼ੀ ਨਾਲ ਜਾਰੀ ਸੀ | ਰਾਜਸਥਾਨ ਦੀ ਬਹੁਰੰਗੀ ਸੰਸਕ੍ਰਿਤੀ ਵਾਲੀ ਆਬਾਦੀ ਨੇ ਦਿਖਾ ਦਿੱਤਾ ਕਿ ਉਨ੍ਹਾਂ ਦੀਆਂ ਰਗਾਂ ਵਿੱਚ ਆਪਣੀ ਜਨਮ ਭੂਮੀ ਨੂੰ ਬਚਾਉਣ ਦਾ ਜਿਹੜਾ ਜਜ਼ਬਾ ਹੈ, ਉਹ ਬਹਾਦਰੀ ਨਾਲ ਓਤ-ਪੋਤ ਹੈ | ਉਨ੍ਹਾਂ ਅਰਾਵਲੀ ਨੂੰ ਬਲੀ ਤੋਂ ਬਚਾ ਲਿਆ, ਵਰਨਾ ਦੇਸ਼ ਦਾ ਭੂਗੋਲ ਬਦਲ ਜਾਂਦਾ | ਉੱਤਰ-ਮੱਧ ਭਾਰਤ ਰੇਗਿਸਤਾਨ ਵਿੱਚ ਬਦਲ ਜਾਂਦਾ | ਦੂਜੀ ਘਟਨਾ ਨਾਬਾਲਗਾ ਨਾਲ ਗੈਂਗਰੇਪ ਅਤੇ ਉਸ ਦੇ ਪਿਤਾ ਦੇ ਹਤਿਆਰੇ ਉਨਾਓ ਦੇ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ‘ਤੇ ਸੁਪਰੀਮ ਕੋਰਟ ਵੱਲੋਂ ਰੋਕ ਲਾਉਣ ਦੀ ਹੈ |
ਦੇਸ਼ ਵਿੱਚ ਇਸ ਸਮੇਂ ਦਬੰਗਾਂ ਤੇ ਅਡਾਨੀ ਦੇ ਕਾਰੋਬਾਰਾਂ ਦੀ ਧਮਕ ਹੀ ਸੁਣਾਈ ਦਿੰਦੀ ਹੈ | ਛੱਤੀਸਗੜ੍ਹ, ਸਿੰਗਰੌਲੀ (ਮੱਧ ਪ੍ਰਦੇਸ਼) ਤੋਂ ਲੈ ਕੇ ਲੱਦਾਖ ਵਿੱਚ ਵੀ ਖਣਿਜਾਂ ਦੀ ਲੁੱਟ ਲਈ ਸਰਕਾਰ ਨੇ ਜੰਗਲਾਂ ਦੇ ਵਢਾਂਗੇ ਦੀ ਜਿਸ ਤਰ੍ਹਾਂ ਮੁਹਿੰਮ ਛੇੜ ਰੱਖੀ ਹੈ, ਉਥੇ ਆਦਿਵਾਸੀ ਆਪਣੀ ਲੜਾਈ ਇਕੱਲਾ ਲੜ ਰਿਹਾ ਹੈ | ਜੇ ਉਸ ਨੂੰ ਵੀ ਪ੍ਰਦੇਸ਼ ਵਾਸੀ ਰਾਜਸਥਾਨੀਆਂ ਵਰਗਾ ਸਹਿਯੋਗ ਦੇਣ ਤਾਂ ਉੱਥੋਂ ਵੀ ਕਾਰਪੋਰੇਟੀਆਂ ਨੂੰ ਭਜਾਇਆ ਜਾ ਸਕਦਾ ਹੈ |
ਜਿੱਥੋਂ ਤੱਕ ਦਬੰਗਈ ਦਾ ਸਵਾਲ ਹੈ, ਕੁਲਦੀਪ ਸੇਂਗਰ ਦੀ ਜ਼ਮਾਨਤ ‘ਤੇ ਰੋਕ ਲੱਗਣ ਨਾਲ ਇਹ ਆਸ ਬਝਦੀ ਹੈ ਕਿ ਜੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਅੱਗੇ ਆਉਂਦੇ ਹਨ ਤਾਂ ਉਨ੍ਹਾਂ ਦਾ ਹੌਸਲਾ ਵਧਦਾ ਹੈ | ਸੇਂਗਰ ਦੀਆਂ ਕਰਤੂਤਾਂ ਦੇ ਬਾਅਦ ਉਸ ਨੂੰ ਜ਼ਮਾਨਤ ਮਿਲਣ ਅਤੇ ਉਸ ਦਾ ਸਵਾਗਤ ਹੋਣ ਤੋਂ ਨਾ ਸਿਰਫ ਪੀੜਤ ਪਰਵਾਰ ਖੌਫ ਵਿੱਚ ਸੀ, ਸਗੋਂ ਉਸ ਦੀ ਹਮਾਇਤ ਕਰ ਰਹੇ ਲੋਕ ਵੀ ਹੈਰਾਨ ਸਨ, ਪਰ ਦਿੱਲੀ ਤੋਂ ਲੈ ਕੇ ਦੇਸ਼ ਭਰ ਵਿੱਚ ਪੀੜਤ ਪਰਵਾਰ ਨੂੰ ਜਿਹੜੀ ਹਮਾਇਤ ਮਿਲੀ, ਅੰਦੋਲਨ ਹੋਏ, ਸੋਸ਼ਲ ਮੀਡੀਆ ਨੇ ਯੂ ਪੀ ਸਰਕਾਰ ਦੀ ਇੱਜ਼ਤ ਨੂੰ ਜਿਵੇਂ ਤਾਰ-ਤਾਰ ਕੀਤਾ, ਉਸ ਨੇ ਦਿਖਾਇਆ ਕਿ ਜਦੋਂ ਲੋਕ ਪਿੜ ਮੱਲਦੇ ਹਨ ਤਾਂ ਕੀ ਨਹੀਂ ਕਰ ਦਿੰਦੇ |
ਨਵੇਂ ਸਾਲ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਦੋ ਹੁਕਮਾਂ ਨੇ ਜਨ-ਅੰਦੋਲਨਾਂ ‘ਤੇ ਇੱਕ ਤਰ੍ਹਾਂ ਨਾਲ ਮੋਹਰ ਲਾਈ ਹੈ | ਦੋਹਾਂ ਅੰਦੋਲਨਾਂ ਦੀ ਖਾਸੀਅਤ ਇਹ ਰਹੀ ਕਿ ਇਨ੍ਹਾਂ ਵਿੱਚ ਕਿਸੇ ਪਾਰਟੀ ਦੇ ਆਗੂ ਨੇ ਅਗਵਾਈ ਨਹੀਂ ਕੀਤੀ, ਸਗੋਂ ਲੋਕਾਂ ਦੀ ਆਪੋਜ਼ੀਸ਼ਨ ਆਗੂਆਂ ਨੇ ਪਿੱਛਿਓਾ ਹਮਾਇਤ ਕੀਤੀ | ਇਸ ਲਈ ਇਹ ਜਿੱਤ ਜਨਤਾ ਜਨਾਰਦਨ ਦੀ ਜਿੱਤ ਹੈ | ਦੇਸ਼ ਵਿੱਚ ਜਿਵੇਂ ‘ਵਨ ਮੈਨ ਸ਼ੋਅ’ ਚੱਲ ਰਿਹਾ ਹੈ, ਦਬੰਗਾਂ, ਪਖੰਡੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ, ਘੱਟ-ਗਿਣਤੀਆਂ ਖਿਲਾਫ ਜਨੂੰਨ ਭੜਕਾਇਆ ਜਾ ਰਿਹਾ ਹੈ, ਪੇਂਡੂ ਮਜ਼ਦੂਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ, ਸਿੱਖਿਆ ਦਾ ਨਿੱਜੀਕਰਨ ਕਰਕੇ ਬੱਚਿਆਂ ਦੇ ਮੁਫਤ ਸਕੂਲੀ ਸਿੱਖਿਆ ਦੇ ਹੱਕ ਨੂੰ ਖੋਹਿਆ ਜਾ ਰਿਹਾ ਹੈ, ਬੇਟੀ ਬਚਾਓ ਮੁਹਿੰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੀ ਥਾਂ ਗ਼ੱਦਾਰਾਂ ਦੀਆਂ ਮੂਰਤੀਆਂ ਲਾਈਆਂ ਜਾ ਰਹੀਆਂ ਹਨ ਅਤੇ ਲੋਕਤੰਤਰ ਦੀ ਮਜ਼ਬੂਤ ਇਕਾਈ ਚੋਣ ਕਮਿਸ਼ਨ ਨੇ ਆਪਣਾ ਵਿਸ਼ਵਾਸ ਗੁਆ ਲਿਆ ਹੈ, ਉਸ ਵਕਤ ਸੱਤਿਆਗ੍ਰਹਿ ਤੇ ਜਨ-ਅੰਦੋਲਨ ਹੀ ਇੱਕੋ-ਇੱਕ ਸਹਾਰਾ ਹੈ | ਆਓ, ਇੱਕਜੁੱਟ ਹੋ ਕੇ ਲੁਟੇਰਿਆਂ ਨੂੰ ਭਜਾਉਣ ਲਈ ਅੰਦੋਲਨ ਵਿੱਚ ਕੁੱਦੀਏ |